ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 03 ਦਸੰਬਰ, 2021: ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕੋਵਿਡ- 19 ਦੇ ਓਮੀਕਰੋਨ ਵੇਰੀਐਂਟ ਤੋਂ ਬਚਾਅ ਲਈ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਜ਼ਿਲ੍ਹੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਪ੍ਰਬੰਧਾਂ ਦੀ ਸਮੀਖਿਆ ਲਈ ਜ਼ਿਲ੍ਹਾ ਪ੍ਰੋਗਰਾਮਾਂ ਅਫ਼ਸਰਾਂ ਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਕੋਵਿਡ -19 ਦੇ ਨਵੇ ਰੂਪ ਓਮੀਕਰੋਨ ਦੇ ਸੰਭਾਵਿਤ ਖ਼ਤਰੇ ਤੋ ਜ਼ਿਲੇ ਦੇ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਕੋਵਿਡ-19 ਦਾ ਇਹ ਨਵਾਂ ਰੂਪ ਤੇਜ਼ੀ ਨਾਲ ਫੈਲਦਾ ਹੈ ਪਰ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਵਾਉਣ ਨਾਲ ਇਸ ਦਾ ਖ਼ਤਰਾ ਘਟ ਜਾਂਦਾ ਹੈ। ਸਿਵਲ ਸਰਜਨ ਨੇ ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਸਬੰਧੀ ਪ੍ਰੋਗਰਾਮ ਅਫ਼ਸਰਾਂ ਅਤੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕੋਵਿਡ 19 ਦੀ ਸੈਂਪਿਗ ਵਧਾਉਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਸ ਦੇ ਨਵੇਂ ਰੂਪ ਦੀ ਪਛਾਣ ਕਰਨ ਵਿਚ ਆਰ.ਟੀ.ਪੀ.ਸੀ.ਆਰ. ਟੈਸਟ ਸਮਰੱਥ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਨੀਤ ਨਾਗਪਾਲ ਨੇ ਕੋਵਿਡ-19 ਤੋਂ ਬਚਾਅ ਲਈ ਵੱਧ ਤੋ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1231873 ਯੋਗ ਲਾਭਪਾਤਰੀ ਹਨ ਜ਼ਿਨ੍ਹਾਂ ਵਿਚੋਂ 768604 ਲਾਭਪਾਤਰੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ, ਜਦਕਿ 272198 ਲਾਭਪਾਤਰੀ ਦੂਸਰੀ ਖ਼ੁਰਾਕ ਲੈ ਚੁੱਕੇ ਹਨ।