ਸਿਵਲ ਸਰਜਨ ਨੇ ਕਾਇਆਕਲਪ ਟੀਮਾਂ ਨੂੰ ਇਨਾਮੀ ਰਾਸ਼ੀ, ਸਰਟੀਫ਼ੀਕੇਟ ਤੇ ਯਾਦ ਚਿੰਨ੍ਹ ਦੇ ਕੇ ਨਿਵਾਜਿਆ
ਸਾਫ਼-ਸਫ਼ਾਈ ਤੇ ਹੋਰ ਪੱਖਾਂ ਤੋਂ ਪਰਖੀਆਂ ਗਈਆਂ ਸਿਹਤ ਸੰਸਥਾਵਾਂ
ਮੋਹਾਲੀ, 26 ਨਵੰਬਰ : ‘ਕਾਇਆਕਲਪ ਸਵੱਛ ਭਾਰਤ’ ਮੁਹਿੰਮ ਅਧੀਨ ਸਥਾਨਕ ਮੈਡੀਕਲ ਕਾਲਜ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਜ਼ਿਲ੍ਹੇ ਦੀਆਂ 14 ਸਰਕਾਰੀ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਵਿਖੇ ਹੋਏ ਸੂਬਾ ਪੱਧਰੀ ਪੁਰਸਕਾਰ ਵੰਡ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਪੁਰਸਕਾਰ ਦੇ ਕੇ ਨਿਵਾਜਿਆ ਸੀ।
ਵੱਖ-ਵੱਖ ਪੈਮਾਨਿਆਂ ’ਤੇ ਖਰੀਆਂ ਉਤਰਨ ਵਾਲੀਆਂ 14 ਸਿਹਤ ਸੰਸਥਾਵਾਂ ਦੇ ਮੁਖੀਆਂ, ਸਮੁੱਚੀ ਕਾਇਆਕਲਪ ਟੀਮ ਸਮੇਤ ਪ੍ਰੋਗਰਾਮ ਦੇ ਨੋਡਲ ਅਫ਼ਸਰਾਂ ਨੂੰ ਇਨਾਮੀ ਰਾਸ਼ੀ ਦੇ ਚੈੱਕ, ਸਰਟੀਫ਼ੀਕੇਟ ਤੇ ਯਾਦ ਚਿੰਨ੍ਹ ਨਾਲ ਸਨਮਾਨਤ ਕਰਨ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਇਸ ਪ੍ਰਾਪਤੀ ਲਈ ਸਬੰਧਤ ਸਿਹਤ ਅਧਿਕਾਰੀਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਪਿਛਲੇ ਸਾਲ ਕਾਇਆਕਲਪ ਪ੍ਰੋਗਰਾਤ ਤਹਿਤ ਹਸਪਤਾਲਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਉਸ ਵੇਲੇ ਵੀ ਕੋਵਿਡ ਮਹਾਂਮਾਰੀ ਦਾ ਦੌਰ ਚੱਲ ਰਿਹਾ ਸੀ। ਉਸ ਵੇਲੇ ਸਮੁੱਚਾ ਸਿਹਤ ਅਮਲਾ ਇਸ ਬੀਮਾਰੀ ਦੇ ਖ਼ਾਤਮੇ ਲਈ ਜੱਦੋਜਹਿਦ ਕਰ ਰਿਹਾ ਸੀ ਪਰ ਸਮੁੱਚੇ ਸਟਾਫ਼ ਖ਼ਾਸਕਰ ਅਧਿਕਾਰੀਆਂ ਨੇ ਕੋਵਿਡ ਡਿਊਟੀ ਦੇ ਨਾਲ-ਨਾਲ ਹਸਪਤਾਲਾਂ ਨੂੰ ਹਰ ਪੱਖੋਂ ਬਿਹਤਰ ਬਣਾਉਣ ਅਤੇ ਸਿਹਤਮੰਦ ਵਾਤਾਵਰਣ ਸਿਰਜਣ ਲਈ ਸਖ਼ਤ ਮਿਹਨਤ ਕੀਤੀ ਜਿਸ ਸਦਕਾ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਧਿਕਾਰੀ ਹੋਰ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਅੱਵਲ ਦਰਜੇ ’ਤੇ ਲਿਆਉਣਗੇ ਤਾਕਿ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਵਿਚ ਹੋਰ ਚੰਗੀਆਂ ਅਤੇ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।
ਜ਼ਿਕਰਯੋਗ ਹੈ ਕਿ ਕਾਇਆਕਲਪ ਪ੍ਰੋਗਰਾਮ ਅਧੀਨ ਹਰ ਸਾਲ ਸਿਹਤ ਸੰਸਥਾਵਾਂ ਨੂੰ ਕਈ ਪੈਮਾਨਿਆਂ ’ਤੇ ਪਰਖਿਆ ਜਾਂਦਾ ਹੈ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਪਾਰਕ, ਕੂੜਾ ਸੰਭਾਲ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਹਸਪਤਾਲ ਦਾ ਸਮੁੱਚਾ ਵਾਤਾਵਰਣ ਆਦਿ ਸ਼ਾਮਲ ਹੁੰਦੇ ਹਨ। ਇਨ੍ਹਾਂ ਪੈਮਾਨਿਆਂ ’ਤੇ ਜ਼ਿਲ੍ਹਾ ਮੋਹਾਲੀ ਦੀਆਂ 14 ਸਿਹਤ ਸੰਥਥਾਵਾਂ ਖਰੀਆਂ ਉਤਰੀਆਂ ਹਨ ਜਿਨ੍ਹਾਂ ਵਿਚੋਂ ਮੁਢਲਾ ਸਿਹਤ ਕੇਂਦਰ ਘੜੂੰਆਂ ਜ਼ਿਲ੍ਹੇ ਵਿਚ ਪਹਿਲੇ ਨੰਬਰ ’ਤੇ ਆਇਆ ਹੈ ਜਦਕਿ ਬਾਕੀ ਸੰਸਥਾਵਾਂ ਨੇ ਵੀ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਸੰਸਥਾਵਾਂ ਵਿਚ ਸਬ-ਡਵੀਜ਼ਨਲ ਹਸਪਤਾਲ ਖਰੜ, ਕਮਿਊਨਿਟੀ ਹੈਲਥ ਸੈਂਟਰ ਬਨੂੜ, ਲਾਲੜੂ, ਢਕੋਲੀ, ਮੁਢਲਾ ਸਿਹਤ ਕੇਂਦਰ ਘੜੂੰਆਂ, ਬੂਥਗੜ੍ਹ ਅਤੇ ਲਾਂਡਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰੀ ਮੁਢਲਾ ਸਿਹਤ ਕੇਂਦਰ ਫ਼ੇਜ਼ 1, ਫ਼ੇਜ਼ 7, ਫ਼ੇਜ਼ 11 ਮੋਹਾਲੀ, ਮੁਢਲਾ ਸਿਹਤ ਕੇਂਦਰ 3ਬੀ1 ਮੋਹਾਲੀ, ਚੰਦੋ, ਖਿਜ਼ਰਗੜ੍ਹ ਅਤੇ ਈਸਾਪੁਰ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਨੂੰ ਟਰਾਫ਼ੀ ਦੇ ਨਾਲ 50 ਹਜ਼ਾਰ ਰੁਪਏ ਤੋਂ 1 ਲੱਖ ਰੁਪਏ ਤਕ ਦੀ ਰਾਸ਼ੀ ਵੀ ਦਿਤੀ ਗਈ ਜੋ ਕੁਲ 11 ਲੱਖ ਰੁਪਏ ਬਣਦੀ ਹੈ। ਇਕੱਲੇ ਘੜੂੰਆਂ ਹਸਪਤਾਲ ਨੂੰ ਸਭ ਤੋਂ ਵੱਧ 2 ਲੱਖ ਰੁਪਏ ਦੀ ਰਕਮ ਦਿਤੀ ਗਈ ਹੈ ਜੋ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖ਼ਰਚੀ ਜਾਵੇਗੀ। ਇਸ ਤੋਂ ਇਲਾਵਾ ਸਮੁੱਚੀ ਕਾਇਆਕਲਪ ਟੀਮ ਨੂੰ ਨਿਜੀ ਤੌਰ ’ਤੇ ਮਾਣ-ਭੱਤਾ ਵੀ ਦਿਤਾ ਗਿਆ ਹੈ।