ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 16 ਨਵੰਬਰ, 2021: ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਕਾਲਜ ਕਮੇਟੀ ਵੱਲੋਂ ਗ਼ਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦਾ ਸ਼ਹੀਦੀ ਦਿਨ ਮਨਾਇਆ ਗਿਆ। ਕਰਤਾਰ ਸਿੰਘ ਸਰਾਭਾ ਦੀ ਫੋਟੋ ਅੱਗੇ ਸ਼ਰਧਾਂਜਲੀ ਵਜੋਂ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੋਮਲ ਖਨੌਰੀ ਅਤੇ ਰਮਨ ਕਾਲਾਝਾੜ ਨੇ ਕਿਹਾ ਕਿ ਅੱਜ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਨ ਦਾ ਬਹੁਤ ਮਹੱਤਵ ਹੈ। ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਛੋਟੀ ਉਮਰ ਵਿਚ ਬਹੁਤ ਵੱਡੀ ਕੁਰਬਾਨੀ ਕੀਤੀ ਸੀ। ਇਸ ਕੁਰਬਾਨੀ ਤੋਂ ਨੌਜਵਾਨ ਪੀੜੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਵਿਦਿਆਰਥੀ ਆਗੂਆਂ ਨੇ 25 ਨਵੰਬਰ ਨੂੰ ਸੰਗਰੂਰ ਡੀਸੀ ਦਫ਼ਤਰ ਅੱਗੇ ਰੈਲੀ ਅਤੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਪ੍ਰੈੱਸ ਸਕੱਤਰ ਸੁਖਚੈਨ ਸਿੰਘ ਪੁੰਨਾਵਾਲ ਵੱਲੋਂ ਕਰਤਾਰ ਸਿੰਘ ਸਰਾਭਾ ਦੀ ਕਵਿਤਾ ''ਹਿੰਦੋ ਵਾਸਿਓ ਰੱਖਣਾ ਯਾਦ ਸਾਨੂੰ" ਪੇਸ਼ ਕੀਤੀ ਗਈ। ਅਖ਼ੀਰ ਵਿੱਚ ਕਾਲਜ ਕਮੇਟੀ ਦੇ ਪ੍ਰਧਾਨ ਜਸਲੀਨ ਸਿੰਘ ਕੋਹਲੀ ਵੱਲੋਂ ਸਾਰਿਆਂ ਵਿਦਿਆਰਥੀ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਵਿਦਿਆਰਥਣ ਵੀਰਪਾਲ ਵੱਲੋਂ ਸਟੇਜ ਸੈਕਟਰੀ ਦੀ ਬਾਖ਼ੂਬੀ ਭੂਮਿਕਾ ਨਿਭਾਈ। ਇਸ ਮੌਕੇ ਵਿਦਿਆਰਥੀ ਆਗੂ ਜਸਲੀਨ ਸਿੰਘ ਕੋਹਲੀ ਪ੍ਰਧਾਨ, ਅਵੀ ਸਹੋਤਾ ਜਨਰਲ ਸਕੱਤਰ , ਸੁਖਜਿੰਦਰ ਸਿੰਘ ਸਹਾਇਕ ਸਕੱਤਰ, ਜਸ਼ਨਦੀਪ ਸਿੰਘ ਚੰਗਾਲ ਖ਼ਜ਼ਾਨਚੀ, ਸੁਖਚੈਨ ਸਿੰਘ ਪੁੰਨਾਵਾਲ ਪ੍ਰੈੱਸ ਸਕੱਤਰ ਵੀਰਪਾਲ ਕੌਰ ਪ੍ਰਚਾਰਕ, ਜਸਪ੍ਰੀਤ ਕੌਰ, ਅਮਰਪ੍ਰੀਤ ਕੌਰ ਅਤੇ ਹੋਰ ਵਿਦਿਆਰਥੀ ਸਾਥੀ ਹਾਜ਼ਰ ਹਨ।
ਫੋਟੋਆਂ: ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਗ਼ਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦਾ ਸ਼ਹੀਦੀ ਦਿਨ ਮਨਾਉਂਦੇ ਹੋਏ।