ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਅੱਜ ਸ਼ਹੀਦੀ ਦਿਵਸ ਹੈ। ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਵੱਲੋਂ ਲਿਖੀ ਕਵਿਤਾ ਪੇਸ਼ ਕਰ ਰਹੇ ਹਾਂ।
ਹਿੰਦ ਵਾਸੀਓ
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ ॥
ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ,
ਸਾਨੂੰ ਦੇਖ ਕੇ ਨਾ ਘਬਰਾ ਜਾਣਾ ॥
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ ॥
ਹਿੰਦ ਵਾਸੀਓ ਚਮਕਣਾ ਚੰਦ ਵਾਂਗੂ,
ਕਿਤੇ ਬੱਦਲਾਂ ਹੇਠ ਨਾ ਆ ਜਾਣਾ ॥
ਕਰਕੇ ਦੇਸ਼ ਦੇ ਨਾਲ ਧਰੋ ਯਾਰੋ,
ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ ॥
ਮੂਲ਼ਾ ਸਿੰਘ ਕਿਰਪਾਲ ਨਵਾਬ ਵਾਂਗੂ,
ਅਮਰ ਸਿੰਘ ਨਾ ਕਿਸੇ ਕਹਾ ਜਾਣਾ ॥
ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ,
ਦਾਖਲ ਹੋ ਕਿ ਡਿਗਰੀਆਂ ਪਾ ਜਾਣਾ॥
ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ ॥
ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਉਸੇ ਰਾਸਤੇ ਤੁਸੀ ਵੀ ਆ ਜਾਣਾ ॥
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ'ਚੋਂ ਨਾ ਭੁਲਾ ਜਾਣਾ
... - ਕਰਤਾਰ ਸਿੰਘ ਸਰਾਭਾ