ਦੁਬਈ, 13 ਨਵੰਬਰ (ਏਜੰਸੀ)
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਐਤਵਾਰ ਨੂੰ ਇੱਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਆਈਸੀਸੀ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਖਿਤਾਬੀ ਲੜਾਈ ਲਈ ਤਿਆਰ ਹਨ। ਜੋ ਵੀ ਟੀਮ ਇਸ ਟੂਰਨਾਮੈਂਟ ਨੂੰ ਜਿੱਤੇਗੀ ਉਹ ਪਹਿਲੀ ਵਾਰ ਖਿਤਾਬ ਜਿੱਤੇਗੀ। ਕਿਉਂਕਿ ਇਸ ਟੀਮ ਨੇ 2007 ਦੇ ਸੀਜ਼ਨ ਤੋਂ ਬਾਅਦ ਕਦੇ ਵੀ ਟਰਾਫੀ ਨਹੀਂ ਜਿੱਤੀ ਹੈ। ਹੁਣ ਤੱਕ ਇਹ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀਆਂ ਹਨ। ਹਾਲਾਂਕਿ ਆਸਟਰੇਲੀਆ 2010 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ ਪਰ ਜੇਤੂ ਨਹੀਂ ਬਣ ਸਕਿਆ ਸੀ।
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੇ ਸੈਮੀਫਾਈਨਲ 'ਚ ਚੋਟੀ ਦੀਆਂ ਦੋ ਟੀਮਾਂ ਇੰਗਲੈਂਡ ਅਤੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਨ੍ਹਾਂ ਦੋਵਾਂ ਵਿਚਾਲੇ ਮੈਚ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਨੇ ਟੀ-20 'ਚ ਨਿਊਜ਼ੀਲੈਂਡ ਤੋਂ ਜ਼ਿਆਦਾ ਮੈਚ ਜਿੱਤੇ ਹਨ। ਕੰਗਾਰੂਆਂ ਨੇ ਅੱਠ ਅਤੇ ਕੀਵੀਜ਼ ਨੇ ਪੰਜ ਜਿੱਤੇ ਹਨ। ਭਾਰਤ ਵਿੱਚ 2016 ਦੇ ਟੀ-20 ਵਿਸ਼ਵ ਕੱਪ ਸੀਜ਼ਨ ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਆਹਮੋ-ਸਾਹਮਣੇ ਹੋਏ ਸਨ।
ਇਸ ਤੋਂ ਪਹਿਲਾਂ, ਦੋਵੇਂ ਟੀਮਾਂ 2015 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਦੋਵੇਂ ਗੁਆਂਢੀਆਂ ਨੇ ਟੂਰਨਾਮੈਂਟ ਦੀ ਸਹਿ ਮੇਜ਼ਬਾਨੀ ਕੀਤੀ ਸੀ। ਹਾਲਾਂਕਿ ਬ੍ਰੈਂਡਨ ਮੈਕੁਲਮ ਦੀ ਟੀਮ ਮੈਲਬੌਰਨ ਦੇ ਮੈਦਾਨ 'ਤੇ ਮਾਈਕਲ ਕਲਾਰਕ ਦੀ ਟੀਮ ਤੋਂ ਹਾਰ ਗਈ। ਉਸ ਮੈਚ ਵਿਚ ਨਿਊਜ਼ੀਲੈਂਡ 183 ਦੌੜਾਂ 'ਤੇ ਸਿਮਟ ਗਿਆ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਨੇ ਇਹ ਖਿਤਾਬੀ ਮੈਚ ਸੱਤ ਵਿਕਟਾਂ ਨਾਲ ਜਿੱਤ ਕੇ ਪੰਜਵੀਂ ਵਾਰ ਵਿਸ਼ਵ ਕੱਪ ਖਿਤਾਬ 'ਤੇ ਕਬਜ਼ਾ ਕੀਤਾ ਸੀ। ਮੈਚ ਵਿੱਚ ਮਿਸ਼ੇਲ ਜੌਹਨਸਨ ਅਤੇ ਜੇਮਸ ਫਾਕਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੇ ਦੋ ਵਿਕਟਾਂ ਲਈਆਂ।
ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਸਭ ਦੀਆਂ ਨਜ਼ਰਾਂ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ 'ਤੇ ਹੋਣਗੀਆਂ। ਕਿਉਂਕਿ ਫਿੰਚ ਨੇ ਨਿਊਜ਼ੀਲੈਂਡ ਖਿਲਾਫ ਟੀ-20 ਮੈਚਾਂ 'ਚ ਸਭ ਤੋਂ ਜ਼ਿਆਦਾ 251 ਦੌੜਾਂ ਬਣਾਈਆਂ ਹਨ। ਜਿਸ ਵਿੱਚ ਕੀਵੀਜ਼ ਖ਼ਿਲਾਫ਼ ਸੱਤ ਪਾਰੀਆਂ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਹਨ। ਦੂਜੇ ਪਾਸੇ ਆਸਟਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਕੀਵੀਆਂ ਖਿਲਾਫ 157.25 ਦੀ ਸਟ੍ਰਾਈਕ ਰੇਟ ਨਾਲ ਨੌਂ ਪਾਰੀਆਂ ਵਿੱਚ 206 ਦੌੜਾਂ ਬਣਾਈਆਂ ਅਤੇ ਡੇਵਿਡ ਵਾਰਨਰ ਨੇ ਸੱਤ ਪਾਰੀਆਂ ਵਿੱਚ 156.43 ਦੀ ਸਟ੍ਰਾਈਕ ਰੇਟ ਨਾਲ 158 ਦੌੜਾਂ ਬਣਾਈਆਂ।