ਅਜੇ ਨਾ ਆਈ ਮੰਜ਼ਲ ਤੇਰੀ,* ਅਜੇ ਵਡੇਰਾ ਪਾੜਾ ਹੈ*
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਹੈ (ਉਦਾਸੀ)
ਚੁਫੇਰੀਂ ਹਵਾ 'ਚ ਲਟਕਿਆ
ਤੇ ਸਾਹਾਂ 'ਚ ਅਟਕਿਆ
ਇਹ ਧੂੰਆਂ ਬਹੁਤ ਗਹਿਰਾ ਹੈ
ਇਸ ਧੂੰਏਂ ਦਾ ਗਹਿਰ
ਪੌਣਾਂ 'ਚ ਘੁਲੇ ਜਹਿਰ ਤੋਂ
ਤੇ ਸੜਕਾਂ 'ਤੇ ਵਰਤੀਂਦੇ ਕਹਿਰ ਤੋਂ
ਕਿਤੇ ਡੂੰਘਾ ਹੈ
ਜਿਹੜੇ ਖੇਤਾਂ 'ਚੋਂ ਉੱਠ
ਇਹ ਕਾਲੇ ਧੂੰਏਂ ਆਏ ਨੇ
ਉਥੇ ਕੱਲੀ ਮੱਚਦੀ ਧਰਤ ਨਹੀਂ
ਸਗੋਂ ਮੱਚਦੇ ਧਰਤ ਜਾਏ ਨੇ
ਜਿਹਨਾਂ ਨੂੰ ਬੇਬਸੀ ਦੇ ਨ੍ਹੇਰ ਪੰਜੇ
ਕੁਦਰਤ ਸੰਗ ਖਿਲਵਾੜ ਦੇ ਰਾਹ ਲੈ ਆਏ ਨੇ
ਕੁਦਰਤ ਸੰਗ ਖਿਲਵਾੜ
ਨਿਰਾ ਧਰਤ ਦੀ ਹਿੱਕ ਲੂੰਹਦੀਆਂ
ਅੱਗਾਂ ਹੀ ਨਹੀਂ ਕਰਦੀਆਂ
ਮਨੁੱਖੀ ਹਿੱਕ ਲੂੰਹਦੀਆਂ ਸਪਰੇਆਂ
ਤੇ ਗਹਿਣੇ ਹੋਏ ਖੇਤਾਂ ਵਿੱਚ
ਰੁੱਖਾਂ ਨਾਲ ਬੰਨ੍ਹੇ ਰੱਸੇ ਵੀ
ਕੁਦਰਤ ਨਾਲ ਖਿਲਵਾੜ ਕਰਦੇ ਨੇ
ਮੱਚਦੀ ਧਰਤ 'ਤੇ ਦਿਖਦੀ ਅੱਗ
ਇਹਨਾਂ ਧਰਤੀ ਜਾਇਆਂ ਨੂੰ
ਰਾਖ ਕਰ ਰਹੀ ਅੱਗ ਸਾਹਵੇਂ
ਬਹੁਤ ਠੰਡੀ ਹੈ
ਜੇ ਰੱਸੇ ਫੜ੍ਹੇ ਹੱਥਾਂ ਨੇ
ਬੇਬਸ ਹੋ ਧਰਤ ਮਚਾਈ ਹੈ
ਤਾਂ ਜਾਣ ਲਵੋ ਇਹ ਅੱਗ ਹੈ
ਜੋ ਦੇਹਾਂ ਨੂੰ ਪਿਘਲਾਉਂਦੀ
ਧਰਤ ਤੱਕ ਵਹਿ ਆਈ ਹੈ
ਬਲਦੇ ਖੇਤਾਂ ਦਾ ਧੂੰਆਂ
ਜੋ ਹੁਣ ਨਜਰੀਂ ਆਇਆ ਹੈ
ਖੇਤਾਂ ਦੇ ਪੁੱਤਾਂ 'ਤੇ ਤਾਂ
ਬੜੀ ਮੁੱਦਤ ਤੋਂ ਛਾਇਆ ਹੈ
ਤੇ ਇਹਨੇ ਸਿਰ ਟੁੱਟੇ ਕਰਜਿਆਂ
ਤੇ ਛੱਤਣੀਂ ਲੱਗੀਆਂ ਕੀਮਤਾਂ ਦੇ ਵਲ ਵਲੇਵੇਂ ਚੋਂ
ਮੱਚਦੀ ਧਰਤ ਤੱਕ ਆਪਣਾ ਰਾਹ ਬਣਾਇਆ ਹੈ
ਧੂੰਏਂ ਦੇ ਇਸ ਕਾਲੇ ਨਾਗ ਨੇ
ਫਿਜ਼ਾ ਵਿੱਚ ਤਾਂ ਹੁਣ ਫਨ ਪਸਾਰਿਆ ਹੈ
ਪਰ ਸਾਨੂੰ ਭਿਣਕ ਨਹੀਂ ਆਈ
ਕਿ ਭਾਂ ਭਾਂ ਕਰਦੀਆਂ ਦੁਕਾਨਾਂ ਤੋਂ ਲੈ
ਠੇਡੇ ਖਾਂਦੀਆਂ ਡਿਗਰੀਆਂ ਤੱਕ
ਹਰ ਥਾਂ ਇਹਨੇ ਹੀ ਡੰਗ ਮਾਰਿਆ ਹੈ
ਲੇਬਰ ਚੌਂਕ 'ਚ ਖੜ੍ਹੇ ਮਜਦੂਰਾਂ ਦਾ ਸਾਹ
ਇਸੇ ਧੂੰਏਂ ਨੇ ਘੁੱਟਿਆ ਹੈ
ਤੇ ਚੰਗੇ ਭਲੇ ਕਾਰਖਾਨਿਆਂ ਨੂੰ
ਇਹਨੇ ਖੰਡਰ ਬਣਾ ਸੁੱਟਿਆ ਹੈ
ਚੁਫੇਰੀਂ ਹਵਾ 'ਚ ਲਟਕਿਆ
ਤੇ ਸਾਹਾਂ 'ਚ ਅਟਕਿਆ
ਇਹ ਧੂੰਆਂ ਸੱਚਮੁੱਚ ਬਹੁਤ ਗਹਿਰਾ ਹੈ
ਜਦੋਂ ਤੱਕ ਬਲਦੀ ਧਰਤੀ ਦੇ ਫਿਕਰ 'ਚੋਂ
ਬਲ਼ਦੀ ਜਿੰਦਗੀ ਦਾ ਫਿਕਰ ਮਨਫੀ ਹੈ
ਜ਼ਹਿਰੀ ਫੁੰਕਾਰਾਂ ਦੀ ਗੰਧਲਾਈ ਪੌਣ 'ਚੋਂ
ਨਾਗ ਦੀ ਖੁੱਡ ਦਾ ਜ਼ਿਕਰ ਮਨਫੀ ਹੈ
ਤਦ ਤੱਕ ਇਸ ਧੂੰਏਂ ਨੇ
ਇਵੇਂ ਹੀ ਉੱਠਦੇ ਰਹਿਣਾ ਹੈ
ਖੇਤਾਂ ਨੇ ਪੁੱਤਾਂ ਸਮੇਤ
ਇਵੇਂ ਹੀ ਸੁੱਕਦੇ ਰਹਿਣਾ ਹੈ
ਕਲੇਜੇ ਦੇ ਟੋਟਿਆਂ ਨੇ
ਅਣਆਈਏਂ ਮੁੱਕਦੇ ਰਹਿਣਾ ਹੈ
ਤੇ ਸਾਡੇ ਅੱਟਣਾਂ ਭਰੇ ਹੱਥਾਂ 'ਚੋਂ
ਇਉਂ ਹੀ ਸਭ ਕੁਝ ਖੁੱਸਦੇ ਰਹਿਣਾ ਹੈ
ਚੁਫੇਰੀਂ ਹਵਾ 'ਚ ਲਟਕਿਆ
ਤੇ ਸਾਹਾਂ 'ਚ ਅਟਕਿਆ
ਇਹ ਧੂੰਆਂ ਸੱਚਮੁੱਚ ਬਹੁਤ ਗਹਿਰਾ ਹੈ ......ਸ਼ੀਰੀਂ