ਨਵੀਂ ਦਿੱਲੀ: ਭਾਈ ਦੂਜ ਵੀ ਰੱਖੜੀ ਵਾਂਗ ਭੈਣਾਂ-ਭਰਾਵਾਂ ਦੇ ਪਿਆਰ ਦਾ ਤਿਉਹਾਰ ਹੈ। ਦੀਵਾਲੀ ਤੋਂ ਦੋ ਦਿਨ ਬਾਅਦ ਭਾਈ ਦੂਜ ਮਨਾਉਣ ਦੀ ਰੀਤ ਪੁਰਾਣੀ ਹੈ। ਭੈਣ-ਭਰਾ ਦੇ ਪਿਆਰ ਦੇ ਇਸ ਤਿਉਹਾਰ ਦਾ ਮਹੱਤਵ ਵੀ ਰੱਖੜੀ ਤੋਂ ਘੱਟ ਨਹੀਂ ਹੈ। ਭਾਈ ਦੂਜ ਵਾਲੇ ਦਿਨ ਵੀ ਭੈਣ ਆਪਣੇ ਭਰਾ ਨੂੰ ਤਿਲਕ ਕਰਦੀ ਹੈ। ਇਸ ਇੱਛਾ ਨਾਲ ਕਿ ਉਸਦਾ ਭਰਾ ਲੰਮੀ ਉਮਰ ਭੋਗੇ ਅਤੇ, ਭਰਾ ਆਪਣੀ ਭੈਣ ਨੂੰ ਖੁਸ਼ਹਾਲੀ ਦਾ ਆਸ਼ੀਰਵਾਦ ਦਿੰਦਾ ਹੈ। ਭਾਈ ਦੂਜ ਦੀਵਾਲੀ ਦੇ ਦੂਜੇ ਦਿਨ ਭਾਵ ਗੋਵਰਧਨ ਪੂਜਾ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ ਜਿਸ ਨੂੰ ਯਮ ਦਵਿਤੀਆ ਵੀ ਕਿਹਾ ਜਾਂਦਾ ਹੈ। ਇਸ ਸਾਲ ਭਾਈ ਦੂਜ 6 ਨਵੰਬਰ (ਕੱਲ੍ਹ) ਨੂੰ ਪੈ ਰਹੀ ਹੈ। ਇਸ ਦਿਨ ਦੁਪਿਹਰ 1:10 ਵਜੇ ਤੋਂ 3:22 ਵਜੇ ਤੱਕ ਭਰਾਵਾਂ ਨੂੰ ਟਿੱਕਾ ਦੇਣ ਲਈ ਸਭ ਤੋਂ ਸ਼ੁਭ ਸਮਾਂ ਹੈ। ਯਾਨੀ ਸ਼ੁਭ ਮੁਹੂਰਤ ਦਾ ਕੁੱਲ ਸਮਾਂ 2 ਘੰਟੇ 12 ਮਿੰਟ ਹੈ।
ਭਾਈ ਦੂਜ ਦੀ ਪੂਜਾ ਵਿਧੀ ਵੀ ਰੱਖੜੀ ਵਰਗੀ ਹੈ। ਇਸ ਦਿਨ ਭੈਣਾਂ ਸਵੇਰੇ ਭਗਵਾਨ ਦੀ ਪੂਜਾ ਕਰਨ ਤੋਂ ਬਾਅਦ ਆਪਣੇ ਭਰਾਵਾਂ ਲਈ ਪਕਵਾਨ ਤਿਆਰ ਕਰਦੀਆਂ ਹਨ ਅਤੇ ਭਰਾ ਨੂੰ ਤਿਲਕ ਲਾਉਂਦੀਆਂ। ਮਨ ਵਿੱਚ ਇੱਕ ਹੀ ਇੱਛਾ ਹੁੰਦੀ ਹੈ ਕਿ ਪ੍ਰਮਾਤਮਾ ਭਰਾ ਨੂੰ ਹਰ ਸੰਕਟ ਤੋਂ ਬਚਾਵੇ। ਤਿਲਕ ਤੋਂ ਬਾਅਦ ਭਰਾ ਦੀ ਆਰਤੀ ਕੀਤੀ ਜਾਂਦੀ ਹੈ।