ਸਿਹਤ ਵਿਭਾਗ ਦੀ ਟੀਮ ਵਲੋਂ ਢਕੋਲੀ ’ਚ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ, 4 ਸੈਂਪਲ ਲਏ
ਤਿਉਹਾਰਾਂ ਦੌਰਾਨ ਮਿਲਾਵਟੀ ਚੀਜ਼ਾਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਰਵੀਨੰਦਨ ਗੋਇਲ
ਮੋਹਾਲੀ, 28 ਅਕਤੂਬਰ : ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਜ਼ੀਰਕਪੁਰ ਲਾਗੇ ਢਕੋਲੀ ਵਿਚਲੀਆਂ ਮਠਿਆਈ ਦੀਆਂ ਦੁਕਾਨਾਂ ਅਤੇ ਡੇਅਰੀਆਂ ’ਚ ਅਚਨਚੇਤ ਚੈਕਿੰਗ ਕੀਤੀ ਅਤੇ ਵੱਖ-ਵੱਖ ਵਸਤਾਂ ਦੇ 4 ਸੈਂਪਲ ਭਰੇ। ਫ਼ੂਡ ਸੇਫ਼ਟੀ ਅਧਿਕਾਰੀ ਰਵੀਨੰਦਨ ਗੋਇਲ ਨੇ ਦਸਿਆ ਕਿ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ) ਦੀਆਂ ਹਦਾਇਤਾਂ ’ਤੇ ਫ਼ੂਡ ਸੇਫ਼ਟੀ ਟੀਮ ਨੇ ਮਠਿਆਈਆਂ ਦੀ ਗੁੁਣਵੱਤਾ ਅਤੇ ਮਿਆਦ ਜਾਂਚੀ ਤੇ ਨਾਲ ਹੀ ਦੁਕਾਨਦਾਰਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਤੇ ਸ਼ੁੱਧ ਚੀਜ਼ਾਂ ਉਪਲਭਧ ਕਰਾਉਣ ਦੇ ਉਦੇਸ਼ ਨਾਲ ਲਗਾਤਾਰ ਚੈਕਿੰਗ ਕੀਤੀ ਜਾ ਂਰਹੀ ਹੈ। ਉਨ੍ਹਾਂ ਦਸਿਆ ਕਿ ਅਕਤੂਬਰ ਮਹੀਨੇ ਵਿਚ ਹੁਣ ਤਕ ਜ਼ੀਰਕਪੁਰ ਏਰੀਏ ਵਿਚ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਕੁਲ 14 ਸੈਂਪਲ ਲਏ ਗਏ ਹਨ।
ਉਨ੍ਹਾਂ ਕਾਰੋਬਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਮਿਲਾਵਟੀ, ਬੇਮਿਆਰੀ ਅਤੇ ਮਿਆਦ-ਪੁੱਗੀਆਂ ਮਠਿਆਈਆਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਗੋਇਲ ਨੇ ਕਾਰੋਬਾਰੀਆਂ ਨੂੰ ਮਠਿਆਈਆਂ ਦੀ ਟਰੇਅ ਉਤੇ ਮਠਿਆਈਆਂ ਦੀ ਮਿਆਦ ਖ਼ਤਮ ਹੋਣ ਦੀ ਤਰੀਕ ਦਰਸਾਉਣ ਦੀ ਵੀ ਹਦਾਇਤ ਕੀਤੀ।
ਟੀਮ ਨੇ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂੰ ਕਰਾਇਆ। ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਕਾਨਾਂ ਵਿਚ ਬਹੁਤੀ ਭੀੜ ਨਾ ਕਰਨ ਅਤੇ ਗਾਹਕਾਂ ਨੂੰ ਵਾਰੋ-ਵਾਰੀ ਸਮਾਨ ਵੇਚਣ ਦੀ ਹਦਾਇਤ ਵੀ ਕੀਤੀ। ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮੂੰਹ ਢੱਕ ਕੇ ਰੱਖਣ ਲਈ ਵੀ ਆਖਿਆ ਗਿਆ। ਦੁਕਾਨਦਾਰਾਂ ਨੂੰ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣ ਦੀ ਹਦਾਇਤ ਦਿਤੀ ਗਈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਵੀ ਆਖਿਆ ਗਿਆ। ਉਨ੍ਹਾਂ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਵੀ ਕੀਤੀ।