ਨਿੱਜੀ ਹਸਪਤਾਲਾਂ ਨੂੰ ਅਪਣੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਅਪੀਲ
ਮੋਹਾਲੀ, 28 ਅਕਤੂਬਰ (ਦੇਸ਼ ਕਲਿੱਕ ਬਿਓਰੋ) :
ਡੇਂਗੂ ਜਿਹੀ ਜਾਨਲੇਵਾ ਬੀਮਾਰੀ ਵਿਰੁਧ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਸਮਾਜ ਦੇ ਹਰ ਸ਼ਖ਼ਸ ਨੂੰ ਅਪਣੀ ਲਪੇਟ ਵਿਚ ਲੈਣ ਵਾਲੀ ਇਸ ਬੀਮਾਰੀ ਦੀ ਰੋਕਥਾਮ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਨਿੱਜੀ ਹਸਪਤਾਲ ਵੀ ਅਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਇਹ ਗੱਲ ਅੱਜ ਅਪਣੇ ਦਫ਼ਤਰ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ। ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਅਪਣੇ ਵਲੋਂ ਪੂਰੀ ਵਾਹ ਲਾ ਰਿਹਾ ਹੈ ਪਰ ਫਿਰ ਵੀ ਨਿਜੀ ਹਸਪਤਾਲਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਕਿ ਇਸ ਬੀਮਾਰੀ ਨਾਲ ਸਾਂਝੇ ਤੌਰ ’ਤੇ ਲੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਿਜੀ ਹਸਪਤਾਲ ਅਤੇ ਲੈਬਾਂ ਭਾਰਤ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਕ ਹੀ ਇਲਾਜ ਕਰਨ ਅਤੇ ਕਿਸੇ ਵੀ ਮਰੀਜ਼ ਕੋਲੋਂ ਡੇਂਗੂ ਦੀ ਜਾਂਚ ਅਤੇ ਇਲਾਜ ਲਈ ਵਾਧੂ ਪੈਸੇ ਨਾ ਵਸੂਲੇ ਜਾਣ। ਉਨ੍ਹਾਂ ਕਿਹਾ ਕਿ ਡੇਂਗੂ ਦੇ ਕਿਸੇ ਵੀ ਸ਼ੱਕੀ ਅਤੇ ਪੱਕੇ ਕੇਸ ਬਾਰੇ ਸਿਹਤ ਵਿਭਾਗ ਨੂੰ ਫ਼ੌਰੀ ਤੌਰ ’ਤੇ ਜਾਣਕਾਰੀ ਦਿਤੀ ਜਾਵੇ ਤਾਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਦੇੋ ਲੋੜੀਂਦੇ ਉਪਾਅ ਕੀਤੇ ਜਾ ਸਕਣ। ਸਿਵਲ ਸਰਜਨ ਨੇ ਕਿਹਾ ਕਿ ਜਿਹੜੇ ਨਿਜੀ ਹਸਪਤਾਲਾਂ ਵਿਚ ਕਾਰਡ ਆਧਾਰਤ ਟੈਸਟ ਦੀ ਸਹੂਲਤ ਹੈ, ਉਹ ਡੇਂਗੂ ਬੁਖ਼ਾਰ ਦੀ ਪੁਸ਼ਟੀ ਨਹੀਂ ਕਰ ਸਕਦੇ। ਜਿਹੜੇ ਹਸਪਤਾਲਾਂ ਵਿਚ ਇਲੀਜ਼ਾ ਆਧਾਰਤ ਜਾਂਚ ਸਹੂਲਤ ਹੈ, ਸਿਰਫ਼ ਉਹੀ ਹਸਪਤਾਲ ਡੇਂਗੂ ਬੁਖ਼ਾਰ ਦੀ ਪੁਸ਼ਟੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਨਿਜੀ ਹਸਪਤਾਲ ਅਪਣੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਇਸ ਬੁਖ਼ਾਰ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਸਮਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀਆਂ ਸਾਰੀਆਂ ਅਹਿਮ ਥਾਵਾਂ ’ਤੇ ਡੇਂਗੂ ਸਬੰਧੀ ਪੋਸਟਰ, ਫ਼ਲੈਕਸੀ ਬੋਰਡ ਆਦਿ ਜ਼ਰੂਰ ਲਗਵਾਉਣ। ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਹ ਬੁਖ਼ਾਰ ਕਿਸੇ ਵੀ ਉਮਰ ਵਰਗ ਅਤੇ ਅਹੁਦੇ ਵਾਲੇ ਵਿਅਕਤੀ ਨੂੰ ਹੋ ਸਕਦਾ ਹੈ, ਇਸ ਲਈ ਬੀਮਾਰੀ ਨਾਲ ਲੜਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਆਮ ਬੁਖ਼ਾਰ ਹੋਣ ’ਤੇ ਹੀ ਮਰੀਜ਼ਾਂ ਅੰਦਰ ਡਰ ਪੈਦਾ ਕਰ ਦਿਤਾ ਜਾਂਦਾ ਹੈ ਜਦਕਿ ਮਰੀਜ਼ ਨੂੰ ਉਸ ਦੀ ਸਹੀ ਹਾਲਤ ਤੋਂ ਵਾਕਫ਼ ਕਰਾਇਆ ਜਾਣਾ ਚਾਹੀਦਾ ਹੈ ਜਦਕਿ ਸਰੀਰ ਅੰਦਰਲੇ ਪਲੇਟਲੈੱਟਸ ਜਾਂ ਸੈੱਲਾਂ ਦੀ ਥੋੜੀ-ਬਹੁਤ ਕਮੀ ਆਮ ਤੌਰ ’ਤੇ ਹਰ ਬੁਖ਼ਾਰ ਵਿਚ ਹੋ ਜਾਂਦੀ ਹੈ। ਸੈੱਲ ਘਟਣ ਦਾ ਅਰਥ ਡੇਂਗੂ ਬੁਖ਼ਾਰ ਹੋਣਾ ਬਿਲਕੁਲ ਵੀ ਨਹੀਂ।’ ਮੀਟਿੰਗ ਵਿਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਡਾ. ਸੁਰਿੰਦਰਪਾਲ ਸਿੰਘ, ਪ੍ਰਧਾਨ ਡਾ. ਸੋਢੀ, ਜਨਰਲ ਸਕੱਤਰ ਅਤੇ ਹੈਲਿਕਸ ਲੈਬ ਦੇ ਮਾਲਕ ਡਾ. ਚਰਨਦੀਪ ਸਿੰਘ, ਵਿੱਤ ਸਕੱਤਰ ਡਾ. ਧਨਕਰ ਆਦਿ ਹਾਜ਼ਰ ਸਨ।