ਡੇਂਗੂ ਦੇ ਮਰੀਜ਼ਾਂ ਲਈ 50 ਬਿਸਤਰਿਆਂ ਵਾਲਾ ਵਿਸ਼ੇਸ਼ ਵਾਰਡ ਤਿਆਰ,
ਐਮਰਜੈਂਸੀ ਵਾਰਡ ਵਿਚ ਡਾਕਟਰਾਂ ਤੇ ਨਰਸਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼
ਮੋਹਾਲੀ, 16 ਅਕਤੂਬਰ : ਡੇਂਗੂ ਬੁਖ਼ਾਰ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਚ ਵੱਖਰਾ 50 ਬਿਸਤਰਿਆਂ ਵਾਲਾ ਵਾਰਡ ਤਿਆਰ ਕੀਤਾ ਗਿਆ ਹੈ| ਡੇਂਗੂ ਦੇ ਮਰੀਜ਼ਾਂ ਅਤੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਆਈ. ਏ. ਐਸ. ਅਧਿਕਾਰੀ ਸ੍ਰੀ ਕੁਮਾਰ ਰਾਹੁਲ ਅਤੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਹਸਪਤਾਲ ਦਾ ਦੌਰਾ ਕੀਤਾ ਤੇ ਜ਼ਰੂਰੀ ਹਦਾਇਤਾਂ ਦਿਤੀਆਂ| ਅਧਿਕਾਰੀਆਂ ਨੇ ਵੱਖ ਵੱਖ ਵਾਰਡਾਂ ਵਿਚ ਫੇਰੀ ਪਾਈ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ| ਉਹਨਾਂ ਦੱਸਿਆ ਕਿ ਡੇਂਗੂ ਦੇ ਪੁਸ਼ਟ ਤੇ ਸ਼ੱਕੀ ਮਰੀਜ਼ਾਂ ਲਈ ਹਸਪਤਾਲ ਦੀ ਚੌਥੀ ਮੰਜ਼ਲ ਉੱਤੇ 50 ਬਿਸਤਰਿਆਂ ਦਾ ਵਿਸ਼ੇਸ਼ ਵਾਰਡ ਤਿਆਰ ਕੀਤਾ ਗਿਆ ਹੈ ਜਿੱਥੇ ਡੇਂਗੂ ਦੇ ਪੁਸ਼ਟ ਤੇ ਸ਼ੱਕੀ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ| ਇਸ ਤੋਂ ਇਲਾਵਾ ਮੱਛਰਦਾਨੀ ਵਾਲੇ ਬੈਡਾਂ ਦੀ ਗਿਣਤੀ ਵਧਾ ਕੇ 30 ਕਰ ਦਿਤੀ ਗਈ ਹੈ| ਉਹਨਾਂ ਇਹ ਵੀ ਦਸਿਆ ਕਿ ਐਮਰਜੈਂਸੀ ਵਾਰਡ ਵਿਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਉੱਥੇ ਹੋਰ ਡਾਕਟਰ ਤੇ ਨਰਸਾਂ ਤਾਇਨਾਤ ਕਰਨ ਤੇ ਵਹੀਲਚੇਅਰਜ਼ ਨੂੰ ਸਹੀ ਥਾਂ ਉਤੇ ਰੱਖਣ ਤੋਂ ਇਲਾਵਾ ਇਹਨਾਂ ਦੀ ਗਿਣਤੀ ਵਧਾਉਣ ਦੀ ਹਦਾਇਤ ਕੀਤੀ ਗਈ ਹੈ | ਉਹਨਾਂ ਕਿਹਾ ਕਿ ਹਸਪਤਾਲ ਦੇ ਪ੍ਰਬੰਧਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ| ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਅਪਣੇ ਘਰ ਵਿਚ ਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣ ਇਸ ਮੌਕੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਭਗਤ ਅਤੇ ਡਾ. ਐਚ ਐਸ ਚੀਮਾ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ|