ਵਿਭਾਗੀ ਜਾਂਚ ਦੌਰਾਨ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਨਾ ਕਰਨ ਦੀ ਅਪੀਲ, ਨਿਯਮਾਂ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਦੀ ਚੇਤਾਵਨੀ
ਫ਼ੂਡ ਸੇਫ਼ਟੀ ਵਿੰਗ ਦੇ ਨਾਮ ’ਤੇ ਰਿਸ਼ਵਤ ਮੰਗੇ ਜਾਣ ’ਤੇ ਤੁਰੰਤ ਸ਼ਿਕਾਇਤ ਕੀਤੀ ਜਾਵੇ :ਡਾ. ਸੁਭਾਸ਼ ਕੁਮਾਰ
ਮੋਹਾਲੀ, 14 ਅਕਤੂਬਰ: ਆਗਾਮੀ ਤਿਉਹਾਰਾਂ ਦੇ ਸਨਮੁਖ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ) ਡਾ. ਸੁਭਾਸ਼ ਕੁਮਾਰ ਨੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲੇ ਦੁਕਾਨਦਾਰਾਂ, ਹਲਵਾਈਆਂ, ਕਰਿਆਨਾ ਦੁਕਾਨਦਾਰਾਂ, ਸਬਜ਼ੀ/ਫੱਲ ਵਿਕਰੇਤਾਵਾਂ, ਦੋਧੀਆਂ ਅਤੇ ਹੋਰ ਫ਼ੂਡ ਬਿਜ਼ਨਸ ਆਪਰੇਟਰਜ਼ (ਐਫ਼.ਬੀ.ਓ.) ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਸ਼ੁੱਧ, ਮਿਆਰੀ ਤੇ ਸਾਫ਼-ਸੁਥਰੀਆਂ ਚੀਜ਼ਾਂ ਵੇਚਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਦਾ ਫ਼ੂਡ ਸੇਫ਼ਟੀ ਵਿੰਗ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿਚ ਲਗਾਤਾਰ ਜਾਂਚ ਕਰਦਾ ਹੈ ਅਤੇ ਵੇਖਣ ਵਿਚ ਆਇਆ ਹੈ ਕਿ ਕਈ ਦੁਕਾਨਦਾਰ ਟੀਮ ਨੂੰ ਵੇਖ ਕੇ ਦੁਕਾਨਾਂ ਬੰਦ ਕਰ ਦਿੰਦੇ ਹਨ ਅਤੇ ਇੱਧਰ-ਉਧਰ ਖਿਸਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਖ਼ਾਲਸ ਤੇ ਮਿਆਰੀ ਚੀਜ਼ਾਂ ਵੇਚਦਾ ਹੈ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ। ਜਾਂਚ ਦਾ ਮੰਤਵ ਕਿਸੇ ਦੁਕਾਨਦਾਰਾਂ ਨੂੰ ਤੰਗ ਕਰਨਾ ਨਹੀਂ ਸਗੋਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੈ ਤਾਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਡਾ. ਸੁਭਾਸ਼ ਨੇ ਦੁਕਾਨਦਾਰਾਂ ਨੂੰ ਜਾਂਚ ਦੌਰਾਨ ਦੁਕਾਨਾਂ ਬੰਦ ਨਾ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਪਿਛਲੇ ਦਿਨੀਂ ਫ਼ੂਡ ਸੇਫ਼ਟੀ ਅਧਿਕਾਰੀਆਂ ਦੀ ਸੂਬਾ ਪੱਧਰੀ ਬੈਠਕ ਬੁਲਾਈ ਸੀ ਜਿਸ ਵਿਚ ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਸੀ ਕਿ ਖ਼ੁਰਾਕ ਸੁਰੱਖਿਆ ਕਾਨੂੰਨ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਇਸ ਮਾਮਲੇ ਵਿਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡੀ.ਐਚ.ਓ. ਨੇ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਕਿ ਸਿਹਤ ਵਿਭਾਗ ਜਾਂ ਫ਼ੂਡ ਸੇਫ਼ਟੀ ਵਿੰਗ ਦੇ ਕਿਸੇ ਵੀ ਅਧਿਕਾਰੀ ਦੇ ਨਾਮ ’ਤੇ ਕਿਸੇ ਕਿਸਮ ਦੀ ਰਿਸ਼ਵਤ ਜਾਂ ਪੈਸੇ ਮੰਗੇ ਜਾਣ ’ਤੇ ਤੁਰੰਤ ਉੁਨ੍ਹਾਂ (ਡੀ.ਐਚ.ਓ) ਕੋਲ ਸ਼ਿਕਾਇਤ ਕੀਤੀ ਜਾਵੇ ਤਾਕਿ ਅਜਿਹੇ ਮਾੜੇ ਅਨਸਰਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ, ‘ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਮ ’ਤੇ ਦੁਕਾਨਦਾਰਾਂ ਕੋਲੋਂ ਰਿਸ਼ਵਤ ਦੀ ਮੰਗ ਕਰਨਾ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ। ਅਜਿਹੇ ਲੋਕ ਸਿਹਤ ਵਿਭਾਗ ਦੇ ਮੁਲਾਜ਼ਮ ਵੀ ਹੋ ਸਕਦੇ ਹਨ ਜਿਨ੍ਹਾਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਰਿਸ਼ਵਤ ਮੰਗੇ ਜਾਣ ਦੀ ਹਾਲਤ ਵਿਚ ਦੁਕਾਨਦਾਰ ਜਾਂ ਦੋਧੀ, ਕਰਿਆਨਾ, ਹਲਵਾਈ ਯੂਨੀਅਨਾਂ ਦੇ ਪ੍ਰਧਾਨ ਜਾਂ ਅਹੁਦੇਦਾਰ ਮੇਰੇ ਨਾਲ ਫ਼ੋਨ ਨੰ. 98766 43047 ’ਤੇ ਸੰਪਰਕ ਕਰ ਕੇ ਸਬੰਧਤ ਵਿਅਕਤੀ ਬਾਰੇ ਸ਼ਿਕਾਇਤ ਕਰ ਸਕਦੇ ਹਨ।’ ਉਨ੍ਹਾਂ ਇਹ ਵੀ ਕਿਹਾ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਦੁਕਾਨਦਾਰ ਨੂੰ ਟਰੇਅ ਉਤੇ ਮਿਆਦ ਦੀ ਤਰੀਕ ਦਰਸਾਉਣੀ ਪਵੇਗੀ। ਇਹ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੈ।
ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਹਰ ਦੁਕਾਨਦਾਰ, ਦੋਧੀ ਜਾਂ ਹੋਰ ਸਬੰਧਤ ਵਿਅਕਤੀ ਲਈ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹਨ। ਜੇ ਕੋਈ ਵੀ ਦੁਕਾਨਦਾਰ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਤਿਉਹਾਰਾਂ ਦੇ ਸਨਮੁਖ ਦੁਕਾਨਦਾਰਾਂ ਖ਼ਾਸਕਰ ਮਠਿਆਈ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਸ਼ੁੱਧ ਅਤੇ ਮਿਲਾਵਟ ਰਹਿਤ ਮਠਿਆਈਆਂ ਵੇਚਣਾ ਯਕੀਨੀ ਬਣਾਉਣ। ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਦਾ ਵਿਕਰੀ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨ ਵਿਚ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਖ਼ਰੀਦ ਸਮੇਂ ਮਿਆਰ ਅਤੇ ਸ਼ੁੱਧਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ।
ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ।