ਚੰਡੀਗੜ੍ਹ, 21 ਅਪ੍ਰੈਲ :
ਵਿਦੇਸ਼ਾਂ ਵਿੱਚ ਵੀ ਕਰੋਨਾਵਾਇਰਸ ਦੇ ਕਾਰਨ ਪੰਜਾਬੀਆਂ ਦੀ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਕੱਲੇ ਹੁਸ਼ਿਆਰਪੁਰ ਤੋਂ ਅਮਰੀਕਾ ਦੇ ਨਿਊਯਾਰਕ 'ਚ ਕਰੋਨਾਵਾਇਰਸ ਕਾਰਨ ਚਾਰ ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਟਾਂਡਾ ਦੇ ਪਿੰਡ ਚੱਕ ਬਾਮੂ ਤੋਂ ਅਮਰੀਕਾ ਗਏ ਮਨਜੀਤ ਸਿੰਘ ਦੀ ਕਰੋਨਾਵਾਇਰਸ ਨਾਲ ਮੌਤ ਹੋਣ ਦੀ ਸੋਮਵਾਰ ਨੂੰ ਖ਼ਬਰ ਮਿਲਣ ਨਾਲ ਸਦਮੇ ਦੀ ਲਹਿਰ ਹੈ। ਉਹ ਅਮਰੀਕਾ ਦੇ ਨਿਊਯਾਰਕ ਵਿੱਚ ਰਹਿੰਦਾ ਸੀ। ਮਨਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ। ਉਸਦੇ ਪਰਿਵਾਰ ਨੇ ਰਿਚਮੰਡ ਹਿੱਲ ਨਿਊਯਾਰਕ ਹਸਪਤਾਲ ਵਿੱਚ ਭਰਤੀ ਕਰਵਾਇਆ ਜਦੋਂ ਉਸਦੇ ਕਰੋਨਾ ਸੰਬੰਧੀ ਟੈਸਟ ਲਏ ਗਏ ਤਾਂ ਉਹ ਕਰੋਨਾ ਪੋਜ਼ੀਟਿਵ ਪਾਇਆ ਗਿਆ।
ਸੋਮਵਾਰ ਨੂੰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮਨਜੀਤ ਸਿੰਘ ਜਮਾਇਕਾ ਹਸਪਤਾਲ 'ਚ ਦਮ ਤੋੜ ਗਿਆ। ਮਨਜੀਤ ਸਿੰਘ 1990 'ਚ ਅਮਰੀਕਾ ਗਿਆ ਸਨ। ਉਹ ਆਪਣੀ ਪਤਨੀ ਦੋ ਬੇਟਿਆਂ ਅਤੇ ਇਕ ਬੇਟੀ ਨਾਲ ਅਮਰੀਕਾ 'ਚ ਰਹਿ ਰਹੇ ਸਨ ਅਤੇ ਅਮਰੀਕਾ 'ਚ ਟੈਕਸੀ ਚਲਾਉਣ ਦਾ ਕੰਮ ਕਰਦੇ ਸਨ। ਇਹ ਦੁਖਦਾਇਕ ਖਬਰ ਉਸਦੇ ਜੱਦੀ ਪਿੰਡ ਮਿਲਣ ਨਾਲ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ 'ਚ ਸੋਗ ਦੀ ਲਹਿਰ ਛਾ ਗਈ ਹੈ।(ਹਿੰ.ਸ.)