ਚੰਡੀਗੜ੍ਹ, 15 ਅਪ੍ਰੈਲ :
ਗੁਰਦਾਸਪੁਰ ਦੇ ਕਾਹਨੂੰਵਾਨ ਤੋਂ ਅਮਰੀਕਾ ਗਏ 21 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਜਗਤਾਰ ਸਿੰਘ ਆਪਣੇ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਨਿਊ ਜਰਸੀ ਸ਼ਹਿਰ ਵਿੱਚ ਰਹਿੰਦਾ ਸੀ। ਉਹ ਉਥੇ ਟਰੱਕ ਚਲਾਉਂਦਾ ਸੀ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਗਤਾਰ ਦੇ ਸਾਥੀਆਂ ਨੇ ਫੋਨ 'ਤੇ ਦੱਸਿਆ ਕਿ ਬੀਤੇ ਦਿਨੀਂ ਜਗਤਾਰ ਦੇ ਟਰੱਕ ਨਾਲ ਵੱਡਾ ਹਾਦਸਾ ਹੋ ਗਿਆ ਸੀ। ਜਿਸ ਵਿੱਚ ਉਸਦਾ ਟਰੱਕ ਅੱਗ ਦੀ ਭੇਟ ਚੜ੍ਹ ਗਿਆ ਸੀ। ਪੁਲਿਸ ਤੇ ਇੰਸ਼ੋਰੈਂਸ ਕੰਪਨੀ ਨੇ ਜਗਤਾਰ ਸਿੰਘ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਸੀ। ਉਸ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਜਦੋਂ ਸਵੇਰੇ ਦੇਖਿਆ ਤਾਂ ਜਗਤਾਰ ਸਿੰਘ ਆਪਣੇ ਕਮਰੇ 'ਚ ਮ੍ਰਿਤਕ ਪਾਇਆ ਗਿਆ। ਜਗਤਾਰ ਸਿੰਘ ਬਹੁਤ ਛੋਟੀ ਉਮਰ ਵਿੱਚ ਹੀ ਅਮਰੀਕਾ ਚਲਾ ਗਿਆ ਸੀ। ਇਸੇ ਤਰ੍ਹਾਂ ਉਸ ਦਾ ਦੂਸਰਾ ਭਰਾ ਵੀ ਅਮਰੀਕਾ ਗਿਆ ਸੀ ਜੋ ਕਿ ਦਸੰਬਰ 2019 'ਚ ਭਾਰਤ ਭੇਜੇ ਸੈਂਕੜੇ ਨੌਜਵਾਨਾਂ ਸਮੇਤ ਘਰ ਵਾਪਸ ਆ ਗਿਆ ਸੀ। ਜਗਤਾਰ ਸਿੰਘ ਦੀ ਮੌਤ ਨਾਲ ਪਿੰਡ ਚੱਕ ਸ਼ਰੀਫ 'ਚ ਸੋਗ ਦੀ ਲਹਿਰ ਹੈ।(ਹਿੰ.ਸ.)