ਓਟਾਵਾ/15ਜੁਲਾਈ/ਦੇਸ਼ ਕਲਿਕ ਬਿਊਰੋ:
ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਮੁਸਾਫਰਾਂ, ਖਾਸ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਬਾਰੇ ਜਾਣੂ ਕਰਵਾਇਆ ਹੈ। ਭਾਰਤ ਨੇ ਅਧਿਕਾਰਤ ਤੌਰ ‘ਤੇ ਕੈਨੇਡੀਅਨ ਸਰਕਾਰ ਨੂੰ ਨਵੀਂ ਦਿੱਲੀ ਤੋਂ ਸਿੱਧੀਆਂ ਉਡਾਣਾਂ‘ ਤੇ ਪਾਬੰਦੀ ਹਟਾਉਣ ਲਈ ਕਿਹਾ ਹੈ। ਇਹ ਮਨਾਹੀ 22 ਅਪ੍ਰੈਲ ਤੋਂ ਲਾਗੂ ਹੈ ਅਤੇ ਇਸ ਨੂੰ ਦੋ ਵਾਰ ਵਧਾਇਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਨੇ ਕਰੋਨਾ ਦੀਆਂ ਦੋਵੇਂ ਡੋਜ਼ਾਂ ਲਗਵਾ ਚੁੱਕੇ ਲੋਕਾਂ ਲਈ ਦਰ ਖੋਲ੍ਹ ਦਿੱਤੇ ਸਨ ਪਰ ਮੁਸਾਫ਼ਰਾਂ ਨੂੰ ਕਿਸੇ ਹੋਰ ਦੇਸ਼ ਤੋਂ ਹੁੰਦੇ ਹੋਏ ਕੈਨੇਡਾ ਜਾਣਾ ਪੈਂਦਾ ਸੀ।ਇਸਦੇ ਨਾਲ ਹੀ ਕਈ ਹੋਰ ਸ਼ਰਤਾਂ ਵੀ ਲਗਾ ਦਿੱਤੀਆਂ ਸੀ ਜਿਵੇਂ ਕਿ ਕਿਸੇ ਤੀਜੇ ਦੇਸ਼ ਦੀ ਕਰੋਨਾ ਰਿਪੋਰਟ ਲੈ ਕੇ ਆਉਣੀ।ਇਸ ਨਾਲ ਭਾਰਤੀ ਮੁਸਾਫ਼ਰਾਂ ਖ਼ਾਸ ਕਰ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਸਮੱਸਿਆਵਾਂ ਦੇ ਮੁੱਦੇਨਜਰ ਹੀ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਸਰਕਾਰ ਅੱਗੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਰੱਖੀ ਹੈ।