ਟੋਰਾਂਟੋ :23 ਜੂਨ (ਦੇਸ਼ ਕਲਿੱਕ ਬਿਓਰੋ)
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ 61 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ਿਆਂ ਦੀ ਖੇਪ ਫੜੀ ਹੈ ਤੇ ਪਿਛਲੇ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਮਾਮਲੇ ਵਿੱਚ ਅੰਤਰਰਾਸ਼ਟਰੀ ਗਰੋਹ ਦਾ ਪਰਦਾ ਫਾਸ਼ ਕੀਤਾ ਹੈ। ਗਰੋਹ ਵਿੱਚ ਸ਼ਾਮਲ ਮੁਲਜ਼ਮਾਂ ਵਿੱਚ ਪੰਜਾਬੀ ਵੀ ਸ਼ਾਮਲ ਹਨ।ਪੁਲਿਸ ਨੇ 20 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਕਿ 2 ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ।
ਪੁਲਿਸ ਮੁਤਾਬਕ ਉਸਨੇ ਅਪਰੇਸ਼ਨ ਤਹਿਤ ਪਹਿਲਾਂ ਸਰਹੱਦ ਪਾਰੋਂ ਲਿਆਂਦੇ ਜਾ ਰਹੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਦੀ ਸ਼ਨਾਖ਼ਤ ਕੀਤੀ। ਇਸ ਅਪਰੇਸ਼ਨ ਵਿਚ ਟੋਰਾਂਟੋ ਪੁਲਿਸ ਨੇ ਅਮਰੀਕੀ ਏਜੰਸੀਆਂ ਤੇ ਦੱਖਣ ਪੱਛਮੀ ਓਂਟਾਰੀਓ ਤੇ ਸਮੁੱਚੀ ਕੈਨੇਡਾ ਪੁਲਿਸ ਨਾਲ ਰਲ ਕੇ ਕੰਮ ਕੀਤਾ।
ਪੁਲਿਸ ਅਨੁਸਾਰ ਇਹ ਕਾਰੋਬਾਰ ਟਰੈਕਟਰ ਅਰੇ ਟਰਾਲਿਆਂ ਨੂੰ ਨਵਿਆ ਕੇ ਉਨ੍ਹਾਂ ਵਿੱਚ ਲੁਕੋ ਕੇ ਨਸ਼ਾ ਸਪਲਾਈ ਕੀਤਾ ਜਾਂਦਾ ਸੀ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮੈਥ, 427 ਕਿਲੋ ਮੈਰੀਜੁਆਨਾ, 300 ਆਕਸੀਕੋਡੋਨ ਗੋਲੀਆਂ, 966020 ਡਾਲਰ ਕਰੰਸੀ ਤੇ 21ਵਾਹਨ ਫੜੇ ਹਨ ਜਿਹਨਾਂ ਵਿਚ 5 ਸੋਧ ਕੀਤੇ ਟਰੈਕਟਰ ਟਰਾਲੇ ਸ਼ਾਮਲ ਹਨ। ਫੜੇ ਗਏ ਨਸ਼ੇ ਦੀ ਬਜ਼ਾਰੀ ਕੀਮਤ 61 ਮਿਲੀਅਨ ਡਾਲਰ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਜਾਰੀ ਕੀਤੇ ਗਏ ਨਾਵਾਂ ਵਿੱਚ ਹੁਰਨਾਂ ਤੋਂ ਇਲਾਵਾ ਅਮਰਬੀਰ ਸਿੰਘ ਸਰਕਾਰੀਆ, ਗੁਰਬਖਸ਼ ਸਿੰਘ ਗਰੇਵਾਲ, ਹਰਬਲਜੀਤ ਸਿੰਘ ਤੂਰ, ਹਰਵਿੰਦਰ ਭੁੱਲਰ, ਸਰਜੰਟ ਸਿੰਘ ਧਾਲੀਵਾਲ, ਗੁਰਮਨਪ੍ਰੀਤ ਸਿੰਘ ਗਰੇਵਾਲ, ਸੁਖਵੰਤ ਬਰਾੜ, ਹਨੀਫ ਜਮਾਲ, ਨਦੀਮ ਲੀਲਾ, ਯੂਸਫ ਲੀਲਾ ਅਤੇ ਪਰਮਿੰਦਰ ਗਿੱਲ ਹਨ। ਟਰੱਕਾਂ ਵਿੱਚ ਨਸ਼ਾ ਛੁਪਾਉਣ ਦੀ ਥਾਂ ਬਣਾਉਣ ਵਾਲੇ ਬ੍ਰਿਟਿਸ਼ ਕੋਲੰਬੀਆ ਤੋਂ ਮਿਸਤਰੀ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ।