ਕੁਲਦੀਪ ਸਿੰਘ ਦੀਪ (ਡਾ.)
ਛੇ ਮਹੀਨਿਆਂ ਤੋਂ ਬਾਅਦ ਦਿੱਲੀ ਦਾ ਮੋਰਚਾ ਹੁਣ ਕੁਝ ਨਵਾਂ-ਨਵੇਲਾ ਹੈ। ਗੇੜੀਆਂ ਲਾਉਣ ਵਾਲੇ ਤਮਾਸ਼ਬੀਨ ਘੱਟ ਗਏ ਹਨ, ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਮਰਜੀਵੜੇ ਡਟੇ ਬੈਠੇ ਹਨ। ਆਪ ਮੁਹਾਰੇ ਜਾਣ ਵਾਲੀਆਂ ਫੋਰਸਾਂ ਕਿਸੇ ਵੱਡੇ ਐਕਸ਼ਨ ਦੀ ਉਡੀਕ ਵਿਚ ਹਨ, ਪਰ ਨਿਰੰਤਰ ਜੂਝਣ ਵਾਲੇ ਜੁਝਾਰੂਆਂ ਦੇ ਪਿੰਡ-ਪਿੰਡ ਵਿਚ ਜਥੇ ਬਣ ਚੁੱਕੇ ਹਨ ਤੇ ਉਹ ਹਫ਼ਤੇ ਹਫ਼ਤੇ ਬਾਅਦ ਵਾਰੀ ਸਿਰ ਮੋਰਚਿਆਂ ਵਿਚ ਪਹੁੰਚਦੇ ਹਨ ਤੇ ਇਕ ਹਫ਼ਤੇ ਬਾਅਦ ਰਿਲੇਅ ਰੇਸ ਦਾ ਡੰਡਾ ਅਗਲੇ ਜਥੇ ਦੇ ਹੱਥ ਫੜਾ ਕੇ ਘਰ ਵਾਪਿਸ ਆ ਜਾਂਦੇ ਹਨ। ਬਰਫੀਆਂ, ਗੁਲਾਬਜਾਮਣਾਂ ਅਤੇ ਪੀਜਿਆਂ ਦੇ ‘ਦਰਸ਼ਨੀ ਲੰਗਰ’ ਸਿਮਟ ਗਏ ਹਨ, ਬਾਬੇ ਨਾਨਕ ਦੁਆਰਾ ਸ਼ੁਰੂ ਕੀਤੀ ਅਸਲ ਲੰਗਰ ਪਰੰਪਰਾ ਉਸੇ ਸ਼ਿੱਦਤ ਨਾਲ ਜਾਰੀ ਹੈ। ‘ਫੋਰ ਵਾਈ ਫੋਰ’ਟਰੈਕਟਰਾਂ ‘ਤੇ ਵੱਡੇ ਡੈਕ ਲਗਾ ਕੇ ਗੇੜੀਆਂ ਦੇਣ ਵਾਲੇ ‘ਛੂਕੇ’ ਜਵਾਨ ਟਾਵੇਂ-ਟਾਵੇਂ ਹਨ ਪਰ ਸਾਧਾਰਨ ਟਰੈਕਟਰ ਟਰਾਲੀਆਂ ਲੈ ਕੇ ਗਏ ਕਿਰਤੀ ਉਸੇ ਤਰ੍ਹਾਂ ਜੋਸ਼ ਵਿਚ ਸਿਰਪਰਨੇ ਹੋਏ ਖੜ੍ਹੇ ਹਨ। ਉਘੜ-ਦੁਘੜ ਖੜ੍ਹੀਆਂ ਟਰਾਲੀਆਂ ਇਹ ਸੋਚ ਕੇ ਸਲੀਕੇ ਵਿਚ ਆ ਗਈਆਂ ਹਨ ਕਿ ਹੁਣ ਘਰਾਂ ਨੂੰ ਏਨੀ ਛੇਤੀ ਨਹੀਂ ਪਰਤਿਆ ਜਾਣਾ...ਤਿੰਨ ਕਨੂੰਨ ਵਾਪਿਸ ਕਰਵਾਉਣੇ ‘ਦਾਈ ਦੁੱਕੜੇ’ ਦੀ ਖੇਡ ਨਹੀਂ ਹੈ, ਬਲਕਿ ਕਰੋ ਜਾਂ ਮਰੋ ਦੀ ਲੜਾਈ ਹੈ, ਹੰਕਾਰੀ ਹੁਕਮਰਾਨ ਦਾ ਹੰਕਾਰ ਚੂਰ ਚੂਰ ਕਰਕੇ ਜਿੱਤ ਦਾ ਪਰਚਮ ਲਹਿਰਾਉਣ ਦਾ ਇਹ ਸਫ਼ਰ ਤਲਵਾਰ ਦੀ ਧਾਰ ਤੇ ਤੁਰਨ ਵਾਂਗ, ਤਿਲਕਵਾਂ ਤੇ ਕਾਟਵਾਂ ਹੈ। ਸਰਦੀਆਂ ਟਰਾਲੀਆਂ ਵਿਚ ਕੱਢ ਲਈਆਂ, ਪਰ ਬਾਰਿਸ਼ਾਂ, ਹਨੇਰੀਆਂ ਤੇ ਗਰਮੀਆਂ ਨੇ ਮੋਰਚੇ ਦੀ ਦਿੱਖ ਹੀ ਬਦਲ ਦਿੱਤੀ। ਜਿਵੇਂ ਜਿਵੇਂ ਕੁਝ ਕੁ ਦਿਨਾਂ ਵਿਚ ਵਾਪਿਸ ਪਰਤਣ ਦੀ ਝਾਕ ਲਈ ਵਿੱਢਿਆ ਆਰਜੀ ਮੋਰਚਾ ਹੌਲੀ ਹੌਲੀ ਪੱਕੇ ਮੋਰਚੇ ਵਿਚ ਬਦਲ ਗਿਆ ਹੈ, ਉਸੇ ਤਰ੍ਹਾਂ ਹੁਣ ‘ਦਸ ਹਜ਼ਾਰ ਮੀਟਰ ਦੀ ਰੇਸ’ ਲਈ ‘ਵਰਜਸ’ ਸ਼ੁਰੂ ਹੋ ਗਈ ਹੈ। ਟਰਾਲੀਆਂ ਦੀ ਥਾਂ ਤੇ ਪੱਕੀਆਂ ‘ਹੱਟਾਂ’ ਬਣ ਗਈਆਂ ਹਨ ਜੋ ਵਾਹ ਲਗਦੀ ਬਾਰਿਸ਼ ਤੇ ਹਨੇਰੀ ਨੂੰ ਵੀ ਓਟਦੀਆਂ ਹਨ ਤੇ ਗਰਮੀ ਵਿਚ ਠੰਡਕ ਦਾ ਅਹਿਸਾਸ ਵੀ ਦਿੰਦੀਆਂ ਹਨ। ‘ਸਿੱਖ ਬਨਾਮ ਕਾਮਰੇਡ’ ਜਾਂ ‘ਨੌਜਵਾਨ ਬਨਾਮ ਬੁੱਢਿਆਂ’ ਦੇ ਫੁੱਟ ਪਾਊ ਬੋਲ ਘੱਗੇ ਪੈ ਗਏ ਹਨ, ਜੇ ਥੋੜੇ ਬਹੁਤ ਬਚੇ ਹਨ, ਉਹ ਫੇਸਬੁੱਕਾਂ ਅਤੇ ਯੂ ਟਿਉਬਾਂ ਦੇ ‘ਭੜਾਸ ਕੱਢ’ ਮਹਿਕਮੇ ਕੋਲ ਰਹਿ ਗਏ ਹਨ, ਲੜਾਈ ਜਿੱਥੇ ਜਾ ਕੇ ਫੋਕਸ ਹੋਣੀ ਚਾਹੀਦੀ ਸੀ, ਐਨ ਆਨੇ ਵਾਲੀ ਥਾਂ ਤੇ ਪਹੁੰਚ ਚੁੱਕੀ ਹੈ। ਧਰਮਾਂ ਤੇ ਜਾਤਾਂ ਦੀਆਂ ਕੰਧਾਂ ਢਹਿ ਗਈਆਂ ਹਨ ਅਤੇ ਸਾਰਿਆਂ ਅੰਦਰ ਆਪਣੀ ਰੋਜ਼ੀ ਰੋਟੀ ਨੂੰ ਬਚਾਉਣ ਦਾ ਸਿਰੜ ਜਿਉਂਦਾ ਹੈ। ਇਹ ਸਿਰੜ ਬਾਕੀਆਂ ਸਾਰੀਆਂ ਧਾਰਨਾਵਾਂ ਨੂੰ ਦਰੜ ਕੇ ਦਿਨੋ ਦਿਨ ਹੋਰ ਮਜ਼ਬੂਤ ਹੋ ਰਿਹਾ ਹੈ। ਅਵਾਮ ਲਈ ਜੂਝਣ ਵਾਲੇ ਹਰ ਮਹਾਨ ਸ਼ਖ਼ਸੀਅਤ ਦਾ ਦਿਨ ਮੋਰਚਿਆਂ ਦੀਆਂ ਸਾਰੀਆਂ ਸਟੇਜਾਂ ਤੇ ਮਨਾਇਆ ਜਾਣ ਕਰਕੇ ਲੋਕ ਆਪਣੇ ਜੁਝਾਰੂ ਅਤੇ ਮਾਣਮੱਤੇ ਇਤਿਹਾਸ ਨਾਲ ਜੁੜ ਰਹੇ ਹਨ।(MOREPIC1)
ਮੇਲੇ ਦੀਆਂ ਪ੍ਰਾਪਤੀਆਂ ਬਹੁਤ ਜ਼ਬਰਦਸਤ ਹਨ। ਬਹੁਤਿਆਂ ਨੂੰ ਲਗਦਾ ਸੀ ਕਿ ‘ਵਣ-ਵਣ ਦੀ ਲੱਕੜੀ ਵਾਂਗ ਕਿੰਨੀਆਂ ਹੀ ਜਥੇਬੰਦੀਆਂ ਇੱਕਠੀਆਂ ਹੋਈਆਂ ਹਨ, ਇਹਨਾਂ ਦੇ ਆਗੂ ਜਲਦੀ ਹੀ ਆਪਸ ਵਿਚ ‘ਜੂੰਡਮ-ਜੁੰਡੀ’ ਹੋ ਜਾਣਗੇ। ਪਰ ਹਰ ਮੁੱਦੇ ਤੇ ਇਹ ਸਾਰੇ ਆਗੂ ਘੰਟਿਆਂ ਬੱਧੀ ਭਰਵਾਂ ਵਿਚਾਰ-ਵਟਾਂਦਰੇ ਕਰਦੇ ਹਨ ਤੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਬਾਹਰ ਆਉਂਦੇ ਹਨ ਅਤੇ ਸੱਤਾ ਦੇ ਸਾਹਵੇਂ ਚੱਟਾਣ ਬਣ ਕੇ ਖੜ੍ਹੇ ਹਨ। ਜ਼ਮੀਨੀ ਪੱਧਰ ਤੇ ਕਿਸਾਨ ਮੋਰਚੇ ਲਈ ਕੰਮ ਕਰਨ ਵਾਲੇ ਹੇਠਲੇ ਪੱਧਰ ਦੇ ਵਰਕਰ ਵੀ ਟਰੇਂਡ ਆਗੂਆਂ ਵਾਂਗ ਵਿਚਰ ਰਹੇ ਹਨ ਤੇ ਮੋਰਚੇ ਦੀ ਅਗਵਾਈ ਕਰ ਰਹੇ ਹਨ।(MOREPIC2)
ਹਰ ਬੰਦੇ ਨੂੰ ਲਗਭਗ ਇਹ ਸਮਝ ਆ ਗਿਆ ਕਿ ਲੜਾਈ ਕੀ ਹੈ, ਕਿਸ ਨਾਲ ਹੈ, ਕਿਵੇ ਲੜਨੀ ਹੈ ਤੇ ਕਿਵੇਂ ਮੁਕਾਉਣੀ ਹੈ। ਹਰ ਕੋਈ ਬੰਦਾ ਮਹਾਭਾਰਤ ਦੇ ਅਰਜੁਨ ਵਾਂਗ ਸਿੱਧਾ ਮੱਛੀ ਦੀ ਅੱਖ ਵਿਚ ਨਿਸ਼ਾਨਾ ਠੋਕ ਦਿੰਦਾ ਹੈ। ਜਦ ਵੀ ਕੋਈ ਮੀਡੀਆ ਟੀਮ ਕਿਸੇ ਵੀ ਅੱਗੇ ਆਪਣਾ ਮਾਈਕ ਕਰ ਦਿੰਦੀ ਹੈ ਤਾਂ ਉਹ ਬੰਦੇ ਹੋਰ ਕੁਝ ਕਹੇ ਨਾ ਕਹੇ, ਏਨਾ ਜ਼ਰੂਰ ਕਹਿ ਦਿੰਦਾ ਹੈ:
ਲੜਾਂਗੇ ਜਾਂ ਮਰਾਂਗੇ
ਇਕ ਪਾਸਾ ਕਰਾਂਗੇ
ਲੋਕਾਂ ਦੇ ਵਿਚ ਏਨਾ ਕੁ ਆਤਮਵਿਸ਼ਵਾਸ ਤੇ ਮੁੱਦਿਆਂ ਦੀ ਸਮਝ ਪੈਦਾ ਹੋ ਗਈ ਹੈ ਕਿ ਹਰ ਬੰਦਾ ਕਿਸਾਨ ਮਸਲੇ ਤੇ ਇਕ ਦੂਜੇ ਤੋਂ ਮਾਈਕ ਖੋਹ ਕੇ ਬੋਲਣ ਲਈ ਤਿਆਰ ਰਹਿੰਦਾ ਹੈ।
ਮੋਰਚੇ ਦੀ ਇਕ ਹੋਰ ਪ੍ਰਾਪਤੀ ਔਰਤਾਂ ਦੀ ਵੱਡੀ ਸਮੂਲੀਅਤ ਅਤੇ ਉਹਨਾਂ ਦੁਆਰਾ ਮੂਹਰਲੇ ਫਰੰਟ ਤੇ ਆ ਕੇ ਵੱਖ ਵੱਖ ਕੰਮਾਂ ਦੀ ਅਗਵਾਈ ਕਰਨਾ ਹੈ। ਉਹ ਹੁਣ ਧੜੱਲੇ ਨਾਲ ਟਰੈਕਟਰ ਚਲਾ ਰਹੀਆਂ ਹਨ, ਜਥਿਆਂ ਦੇ ਜਥੇ ਲੈ ਕੇ ਮੋਰਚੇ ਵਿਚ ਆਉਂਦੀਆਂ ਹਨ. ਕਿਸੇ ਵੀ ਸਵਾਲ ਦਾ ਜੁਆਬ ਦਿੰਦੀਆਂ ਹਨ, ਮੰਚ ਸੰਚਾਲਨ ਵੀ ਕਰਦੀਆਂ ਹਨ ਤੇ ਕੜਾਕੇਦਾਰ ਭਾਸ਼ਣ ਵੀ ਦਿੰਦੀਆਂ ਹਨ, ਮੋਰਚੇ ਦੇ ਹਰ ਐਕਸ਼ਨ ਦੀ ਅਗਵਾਈ ਕਰਦੀਆਂ ਹਨ। ਉਹਨਾਂ ਅੰਦਰ ਪੈਦਾ ਹੋਇਆ ਇਹ ਆਤਮਵਿਸ਼ਵਾਸ ਨਵੇਂ ਸਮਾਜ ਦੀ ਸਿਰਜਣਾ ਵੱਲ ਵੱਡਾ ਕਦਮ ਹੈ।(MOREPIC3)
ਬੰਗਾਲ ਹਾਰਨ ਅਤੇ ਯੂਪੀ ਦੀਆਂ ਜ਼ਿਲ੍ਹਾ ਪੰਚਾਇਤ ਚੋਣਾਂ ਹਾਰਨ ਤੇ ਵੱਖ ਵੱਖ ਵੱਖ ਥਾਵਾਂ ਤੇ ਸੱਤਾਧਾਰੀ ਮੰਤਰੀਆਂ, ਮੁੱਖਮੰਤਰੀਆਂ ਅਤੇ ਹੋਰ ਲੀਡਰਾਂ ਦਾ ਬਾਹਰ ਨਿਕਲਣਾ ਸਫ਼ਲਤਾਪੂਰਵਕ ਬੰਦ ਕਰਨ ਦੇ ਐਕਸ਼ਨਾਂ ਤੋਂ ਬਾਅਦ ਸੰਘਰਸ਼ੀ ਯੋਧਿਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਜਿੱਤ ਯਕੀਨੀ ਹੈ, ਪਰ ਇਹ ਜਿੱਤ ਮੈਡਲ ਨਹੀ ਜਿਸ ਨੂੰ ਵਿਕਟਰੀ ਸਟੈਂਡ ਤੇ ਜਾ ਕੇ ਗਲਾਂ ਵਿਚ ਪੁਆਇਆ ਜਾ ਸਕਦਾ ਹੈ, ਬਲਕਿ ਪੂਰੇ ਹੌਂਸਲੇ ਨਾਲ ਇੰਚ-ਇੰਚ ਅਗੇ ਵਧਣ ਦਾ ਨਾਂ ਹੈ। ਇਸ ਲਈ ਸਿਆਸਤਦਾਨਾਂ ਨੂੰ ਸਿੱਆਸੀ ਤੌਰ ਤੇ ਵੱਡੇ ਝਟਕੇ ਦੇਣ ਲਈ ਪੂਰੀਆਂ ਤਿਆਰੀਆਂ ਖਿੱਚੀਆਂ ਜਾ ਚੁੱਕੀਆਂ ਹਨ। ਸਭ ਨੂੰ ਪਤਾ ਲੱਗ ਗਿਆ ਹੈ ਕਿ ਬੰਗਾਲ ਤੋਂ ਬਾਅਦ ਹੁਣ ਯੂਪੀ ਵਿੱਚ ਮੋਦੀ-ਯੋਗੀ’ ਦਾ ਸੂਪੜਾ ਸਾਫ਼ ਕਰਕੇ ਸੈਮੀਫਾਈਨਲ ਖੇਡਣਾ ਹੈ। ਜੇਕਰ ਸੈਮੀਫਾਈਨਲ ਵਿਚ ਹੀ ਨੱਕ ਨਾਲ ਲਕੀਰਾਂ ਕੱਢ ਗਏ ਤਾਂ ਠੀਕ ਹੈ, ਨਹੀਂ ਫਿਰ ਤਿਆਰੀਆਂ 2024 ਦੇ ਫਾਈਨਲ ਮੈਚ ਦੀਆਂ ਵੀ ਹੋ ਰਹੀਆਂ ਹਨ।
ਹੋਰ ਕੁਝ ਵੀ ਹੋ ਸਕਦਾ ਹੈ, ਪਰ ਇਕ ਗੱਲ ਕਿਸਾਨਾਂ ਨੂੰ ਵੀ ਤੇ ਸੱਤਾ ਨੂੰ ਵੀ ਇਹ ਸਮਝ ਆ ਗਈ ਹੈ ਕਿ ਹੁਣ ਇਹਨਾਂ ਨੇ ਜਿੱਤ ਕੇ ਮੁੜਨਾ ਹੈ ...ਇਹੋ ਇਹਨਾਂ ਦੀ ਆਖਰੀ ਮੰਜਿਲ ਹੈ..ਜਿੱਤ ਤੋਂ ਉਰ੍ਹਾਂ ਕੁਝ ਵੀ ਮੰਨਜੂਰ ਨਹੀਂ।
ਜਿੱਤ ਲਈ ਏਨਾ ਆਸਵੰਦ ਹੋ ਜਾਣਾ ਤੇ ਜਿੱਤ ਲਈ ਏਨੀਆਂ ਵੱਡੀਆਂ ਤਿਆਰੀਆਂ ਕਰਨਾ ਵੀ ਆਪਣੇ ਆਪ ਵਿਚ ਅੰਤਮ ਜਿਤ ਤੋਂ ਪਹਿਲਾਂ ਦੀ ਵੱਡੀ ਜਿੱਤ ਹੈ।
(ਭਾਗ 2 ਕੱਲ੍ਹ)