ਚੰਡੀਗੜ੍ਹ, 4 ਜੁਲਾਈ, ਦੇਸ਼ ਕਲਿਕ ਬਿਊਰੋ :
ਮਾਨਸੂਨ ਦੇ ਬਾਵਜੂਦ ਪੰਜਾਬ ਵਿੱਚ ਚੰਗੀ ਬਾਰਿਸ਼ ਨਹੀਂ ਹੋਈ। ਮੌਸਮ ਵਿਭਾਗ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ ਸੂਬੇ ਵਿੱਚ 30 ਫੀਸਦੀ ਘੱਟ ਬਾਰਿਸ਼ ਹੋਈ ਹੈ। ਪੰਜਾਬ ਵਿੱਚ 1 ਤੋਂ 3 ਜੁਲਾਈ ਤੱਕ ਔਸਤਨ 12.2 ਮਿਲੀਮੀਟਰ ਬਾਰਸ਼ ਹੁੰਦੀ ਹੈ, ਜਦੋਂ ਕਿ ਹੁਣ ਤੱਕ ਸਿਰਫ਼ 8.6 ਮਿਲੀਮੀਟਰ ਮੀਂਹ ਹੀ ਪਿਆ ਹੈ। ਪਰ ਮਾਨਸੂਨ ਦੇ ਆਉਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ।
ਮੌਸਮ ਵਿਭਾਗ ਨੇ ਅੱਧੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ,ਫਤਹਿਗੜ੍ਹ ਸਾਹਿਬ,ਮੋਹਾਲੀ ਤੇ ਪਟਿਆਲ਼ਾ ਜ਼ਿਲ੍ਹੇ ਸਮੇਤ ਕਈ ਜਗ੍ਹਾ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਵਿਭਾਗ ਦੇ ਤਾਜ਼ਾ ਅਲਰਟ ਅਨੁਸਾਰ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਤਰਨਤਾਰਨ, ਲੁਧਿਆਣਾ, ਰੂਪਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਔਸਤ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫ਼ਿਰੋਜ਼ਪੁਰ ਅਤੇ ਬਠਿੰਡਾ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਹੈ।ਬੀਤੀ ਸ਼ਾਮ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਅਤੇ ਫ਼ਿਰੋਜ਼ਪੁਰ ਵਿੱਚ 40.2 ਡਿਗਰੀ ਦਰਜ ਕੀਤਾ ਗਿਆ। ਪਰ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਸੂਬੇ ਵਿੱਚ ਹੁੰਮਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।