ਆਕਾਸ਼ ਗੂੰਜਾਊ ਨਾਹਰਿਆਂ ਨਾਲ ਥਾਂ-ਥਾਂ ਕੀਤਾ ਗਿਆ ਸਵਾਗਤ
ਲੋਕ ਆਗੂਆਂ ਨੂੰ ਜੇਲ੍ਹੀਂ ਬੰਦ ਕਰਕੇ ਹੱਕੀ ਆਵਾਜ਼ ਬੰਦ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ: ਮਨਜੀਤ ਧਨੇਰ
ਇੱਕ ਵਾਰ ਫਿਰ ਲੋਕ ਤਾਕਤ ਦੀ ਉੱਚਤਾ ਸਿੱਧ ਹੋਈ: ਹਰਨੇਕ ਮਹਿਮਾ
ਦਲਜੀਤ ਕੌਰ
ਚੰਡੀਗੜ੍ਹ/ਫਿਰੋਜ਼ਪੁਰ, 3 ਜੁਲਾਈ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਅੱਜ 55 ਦਿਨ ਜੇਲ੍ਹ ਵਿੱਚ ਬੰਦ ਰਹਿਣ ਤੋਂ ਬਾਅਦ ਜ਼ਮਾਨਤ ਮਿਲ ਗਈ ਹੈ ਅਤੇ ਉਨ੍ਹਾਂ ਨੂੰ ਸ਼ਾਮ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਉਨ੍ਹਾਂ ਦੇ ਸਵਾਗਤ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਜਿਲਾ ਫਿਰੋਜ਼ਪੁਰ ਦੇ ਪ੍ਰਧਾਨ ਜਗੀਰ ਸਿੰਘ ਖਹਿਰਾ, ਮੀਤ ਪ੍ਰਧਾਨ ਦਰਸ਼ਨ ਸਿੰਘ ਕੜਮਾ, ਜਨਰਲ ਸਕੱਤਰ ਗੁਲਜ਼ਾਰ ਸਿੰਘ ਕਬਰ ਵੱਛਾ ਤੋਂ ਇਲਾਵਾ ਸਮਸ਼ੇਰ ਸਿੰਘ ਸ਼ਹਿਜ਼ਾਦੀ, ਲਖਬੀਰ ਸਿੰਘ ਡੋਡ, ਬਗੀਚਾ ਸਿੰਘ ਅਤੇ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ।
ਹਰਨੇਕ ਸਿੰਘ ਮਹਿਮਾ ਨੂੰ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਹਾਰਾਂ ਨਾਲ ਲੱਦ ਦਿੱਤਾ ਗਿਆ ਅਤੇ ਜਥੇਬੰਦੀ ਦਾ ਝੰਡਾ ਫੜਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ 'ਕਿਸਾਨ ਮਜ਼ਦੂਰ ਏਕਤਾ-ਜ਼ਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿੰਦਾਬਾਦ, ਕੀ ਰੋਕਣਗੇ ਜੇਲ੍ਹਾਂ ਥਾਣੇ-ਲੋਕਾਂ ਦੇ ਹੜ੍ਹ ਵਧਦੇ ਜਾਣੇ' ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉੱਠਿਆ ।
ਉਪਰੰਤ ਸਾਰੇ ਆਗੂਆਂ ਅਤੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਕਾਫ਼ਲਾ ਉਹਨਾਂ ਦੇ ਪਿੰਡ ਮਹਿਮਾ ਵਿਖੇ ਘਰ ਤੱਕ ਛੱਡਣ ਗਿਆ। ਇਸ ਸਮੇਂ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਜੇਲ੍ਹਾਂ ਸਾਡੇ ਵਾਸਤੇ ਨਵੀਆਂ ਨਹੀਂ ਹਨ। ਲੋਕਾਂ ਲਈ ਲੜਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਜਾਣਾ ਹੀ ਪੈਂਦਾ ਹੈ ਅਤੇ ਲੋਕਾਂ ਵਾਸਤੇ ਜੇਲ੍ਹ ਜਾਣਾ ਕੋਈ ਬਦਨਾਮੀ ਨਹੀਂ ਸਗੋਂ ਮਾਣ ਵਾਲੀ ਗੱਲ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਜਥੇਬੰਦੀ ਦੀ ਦਰੁਸਤ ਅਗਵਾਈ ਅਤੇ ਘੋਲ ਦੇ ਦਬਾਅ ਨੇ ਸਰਕਾਰ ਨੂੰ ਰਿਹਾਈ ਲਈ ਮਜ਼ਬੂਰ ਕੀਤਾ ਹੈ।
ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਹੱਕਾਂ ਲਈ ਬੋਲਣ ਵਾਲਿਆਂ ਤੇ ਜਬਰ ਦਾ ਝੱਖੜ ਤੇਜ਼ ਹੋ ਰਿਹਾ ਹੈ। ਤਿੰਨ ਨਵੇਂ ਫ਼ੌਜਦਾਰੀ ਕਾਨੂੰਨ ਲਿਆ ਕੇ ਲੋਕ ਆਗੂਆਂ ਤੇ ਝਪਟਣ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਪਹਿਲਾਂ ਹੀ ਪ੍ਰਸਿੱਧ ਲੇਖਿਕਾ ਅਤੇ ਚਿੰਤਕ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਦੇ ਖ਼ਿਲਾਫ਼ 14 ਸਾਲ ਪੁਰਾਣੇ ਕੇਸ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਦੇ ਕੇ ਅਤੇ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟੇਕਰ ਨੂੰ 23 ਸਾਲ ਪੁਰਾਣੇ ਮਾਨਹਾਨੀ ਕੇਸ ਵਿੱਚ ਪੰਜ ਮਹੀਨੇ ਦੀ ਸਜ਼ਾ ਸੁਣਾ ਕੇ ਹਾਕਮ ਨਿੱਤ ਨਵੀਂ ਭਾਜੀ ਪਾ ਰਹੇ ਹਨ। ਹਰਨੇਕ ਸਿੰਘ ਮਹਿਮਾ ਦੀ ਗ੍ਰਿਫ਼ਤਾਰੀ ਵੀ ਇਸੇ ਕੜੀ ਦਾ ਹਿੱਸਾ ਸੀ ਜਿਸ ਨੂੰ ਲੋਕ ਤਾਕਤ ਦੇ ਆਸਰੇ ਅਸਫ਼ਲ ਕਰ ਦਿੱਤਾ ਗਿਆ ਹੈ। ਇਸ ਲਈ ਇੱਕ ਵਾਰ ਫਿਰ ਇਹ ਸਿੱਧ ਹੋ ਗਿਆ ਹੈ ਕਿ ਲੋਕਾਂ ਦੀ ਇੱਕਜੁੱਟ ਤਾਕਤ ਅਤੇ ਦਰੁਸਤ ਅਗਵਾਈ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ।
ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਕਿਹਾ ਕਿ 4 ਜੁਲਾਈ ਨੂੰ ਜਲੰਧਰ ਵਿਖੇ ਵਿਸ਼ਾਲ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਹੀ ਹੋਵੇਗਾ, ਕਿਉਂਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਦੇ ਜ਼ਮੀਨੀ ਹੱਕ ਬਹਾਲ ਕਰਾਉਣ ਅਤੇ ਕਿਸਾਨਾਂ ਤੇ ਹਮਲੇ ਕਰਨ ਵਾਲੇ ਗੁੰਡਿਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇਣ ਲਈ ਜਥੇਬੰਦੀ 18 ਮਹੀਨੇ ਤੋਂ ਲੜ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ ਦੇ ਅੱਧੀ ਦਰਜਨ ਮੰਤਰੀਆਂ ਵੱਲੋਂ ਵਾਅਦੇ ਕਰਨ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ ਹੈ। ਉਹਨਾਂ ਕਿਹਾ ਕਿ 4 ਜੁਲਾਈ ਨੂੰ ਜਲੰਧਰ ਵਿੱਚ ਮਾਰਚ ਕਰਕੇ ਕੁੱਲਰੀਆਂ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ, ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਹੋਰ ਤਿੱਖਾ ਸੰਘਰਸ਼ ਲੜੇਗੀ ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋਵੇਗੀ।