ਜਲੰਧਰ, 3 ਜੁਲਾਈ, ਦੇਸ਼ ਕਲਿਕ ਬਿਊਰੋ :
ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਮੰਗਲਵਾਰ ਨੂੰ ਵੱਡੀ ਸਿਆਸੀ ਉਥਲ-ਪੁਥਲ ਦੇਖਣ ਨੂੰ ਮਿਲੀ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਕੱਲ੍ਹ ਸਵੇਰੇ ਤਕੜੀ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਈ ਸੀ।ਰਾਤ ਤੱਕ ਸੁਰਜੀਤ ਕੌਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਘਰ ਪਰਤ ਆਈ। ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿੱਚ ਸੁਰਜੀਤ ਕੌਰ ਮੁੜ ਅਕਾਲੀ ਦਲ ਵਿੱਚ ਨਜ਼ਰ ਆਈ।
ਸੁਰਜੀਤ ਕੌਰ ਦੇ ਚਿਹਰੇ ਦੇ ਹਾਵ-ਭਾਵ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਉਸ 'ਤੇ ਕੁਝ ਘੰਟਿਆਂ ਵਿਚ ਘਰ ਵਾਪਸੀ ਲਈ ਦਬਾਅ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਦੱਸ ਦੇਈਏ ਕਿ ਬੀਬੀ ਜਗੀਰ ਕੌਰ ਦੀ ਸਿਫਾਰਿਸ਼ 'ਤੇ ਸੁਰਜੀਤ ਕੌਰ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਸੀ। ਅਕਾਲੀ ਦਲ ਨੇ ਹੱਥ ਪਿੱਛੇ ਖਿੱਚ ਲਏ ਸਨ। ਅਕਾਲੀ ਦਲ ਨੇ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਦੀ ਜਲੰਧਰ ਜ਼ਿਮਨੀ ਚੋਣ 'ਚ ਵੋਟਿੰਗ ਤੋਂ ਪਹਿਲਾਂ ਭਾਰੀ ਸਿਆਸੀ ਹਲਚਲ ਦੇਖਣ ਨੂੰ ਮਿਲੀ ਹੈ।