ਹੁਸ਼ਿਆਰਪੁਰ, 2 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਹੁਸ਼ਿਆਰਪੁਰ ਦੇ ਕਸਬਾ ਦਸੂਹਾ 'ਚ ਉਚੀ ਬਸੀ ਨੇੜੇ ਇਕ ਨੌਜਵਾਨ ਜੋੜੇ ਨੇ ਮੁਕੇਰੀਆਂ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ, ਜਦਕਿ ਲੜਕੇ ਨੂੰ ਲੋਕਾਂ ਨੇ ਬਚਾ ਲਿਆ। ਦਸੂਹਾ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਕਸਬਾ ਉਚੀ ਬਸੀ ਨਹਿਰ ’ਤੇ ਮੋਟਰਸਾਈਕਲ ਸਵਾਰ ਜੋੜੇ ਨੇ ਪੁਲ ’ਤੇ ਮੋਟਰਸਾਈਕਲ ਖੜ੍ਹਾ ਕਰ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਤਫ਼ਾਕ ਦੀ ਗੱਲ ਹੈ ਕਿ ਉਸ ਸਮੇਂ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਵਾਲੀ ਰੈਸਕਿਊ ਟੀਮ ਵਿੱਚ ਕੰਮ ਕਰਨ ਵਾਲਾ ਨੌਜਵਾਨ ਅਮਰਜੀਤ ਉੱਥੋਂ ਲੰਘ ਰਿਹਾ ਸੀ। ਅਮਰਜੀਤ ਨੇ ਕੁੜੀ ਤੇ ਮੁੰਡੇ ਨੂੰ ਛਾਲ ਮਾਰਦੇ ਦੇਖਿਆ। ਅਮਰਜੀਤ ਦਾ ਕਹਿਣਾ ਹੈ ਕਿ ਉਸਨੇ ਦੋਵਾਂ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਲੜਕੇ ਨੂੰ ਬਚਾਇਆ, ਪਰ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਦਸੂਹਾ ਦੇ ਇੰਚਾਰਜ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਹਿਚਾਣ ਪਿੰਡ ਧਨੋਆ ਨਿਵਾਸੀ ਅਤੇ ਲੜਕੇ ਦੀ ਪਹਿਚਾਣ ਕਰਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਬਧੈਣ ਵਜੋਂ ਹੋਈ ਹੈ। ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ 'ਚ ਲੜਕੀ ਦੀ ਮੌਤ ਹੋ ਗਈ, ਜਦਕਿ ਲੜਕਾ ਵਾਲ-ਵਾਲ ਬਚ ਗਿਆ। ਮ੍ਰਿਤਕ ਲੜਕੀ ਦੀ ਲਾਸ਼ ਨੂੰ ਦਸੂਹਾ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ ਅਤੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।