ਰੋਪੜ, 2 ਜੁਲਾਈ, ਦੇਸ਼ ਕਲਿਕ ਬਿਊਰੋ :
ਰੂਪਨਗਰ ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਨੇੜੇ ਕਲਗੀਧਰ ਗਰਲਜ਼ ਸਕੂਲ ਦੇ ਸਾਹਮਣੇ ਦੇਰ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਥਾਰ ਦੇ ਡਰਾਈਵਰ ਦੀ ਸਾਹਮਣੇ ਤੋਂ ਆ ਰਹੀ ਟਾਟਾ ਮੈਜਿਕ ਨਾਲ ਟੱਕਰ ਹੋ ਗਈ। ਘਟਨਾ ਵਿੱਚ ਟਾਟਾ ਮੈਜਿਕ ਸੜਕ ਦੇ ਨਾਲ ਲੱਗਦੀ ਨਹਿਰ ਵਿੱਚ ਡਿੱਗ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟਾਟਾ ਮੈਜਿਕ 'ਚ ਕਿੰਨੇ ਲੋਕ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਟਾਟਾ ਮੈਜਿਕ ਕਰਮ ਸਿੰਘ ਪੁੱਤਰ ਗੁਰਜਰ ਸਿੰਘ ਵਾਸੀ ਰੂਪਨਗਰ ਦਾ ਦੱਸਿਆ ਜਾਂਦਾ ਹੈ। ਪੀੜਤ ਪਰਿਵਾਰ ਦੇ ਲੜਕੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਟਾਟਾ ਮੈਜਿਕ ਉਸ ਦੇ ਪਿਤਾ ਕਰਮ ਸਿੰਘ ਚਲਾਉਂਦੇ ਸਨ। ਹੁਣ ਉਸ ਨੂੰ ਨਹੀਂ ਪਤਾ ਕਿ ਉਹ ਇਸ ਆਟੋ ਵਿਚ ਇਕੱਲੇ ਸੀ ਜਾਂ ਹੋਰ ਲੋਕ ਵੀ ਸਨ। ਘਟਨਾ ਦੀ ਖਬਰ ਨਾਲ ਪੂਰੇ ਸ਼ਹਿਰ 'ਚ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਪ੍ਰਸ਼ਾਸਨ ਨੇ ਟਾਟਾ ਮੈਜਿਕ ਅਤੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ।
ਕਰੀਬ 2 ਘੰਟੇ ਬਾਅਦ ਟਾਟਾ ਮੈਜਿਕ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ। ਪਰ ਟਾਟਾ ਮੈਜਿਕ 'ਚ ਸਫਰ ਕਰ ਰਹੇ ਡਰਾਈਵਰ ਅਤੇ ਹੋਰ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਮੌਕੇ 'ਤੇ ਐੱਨ.ਡੀ.ਆਰ.ਐੱਫ. ਦੀ ਟੀਮ ਦੇ ਕੁੱਲ 23 ਮੈਂਬਰ ਸਵੇਰੇ-ਸਵੇਰੇ ਟਾਟਾ ਮੈਜਿਕ 'ਚ ਰੁੜ੍ਹ ਗਏ ਲੋਕਾਂ ਦੀ ਭਾਲ 'ਚ ਜੁਟ ਗਏ ਹਨ। ਡੀਸੀ ਰੂਪਨਗਰ ਤੋਂ ਇਲਾਵਾ ਪੁਲੀਸ ਪ੍ਰਸ਼ਾਸਨ ਦੇ ਲੋਕ ਘਟਨਾ ਵਾਲੀ ਥਾਂ ’ਤੇ ਪਹੁੰਚ ਹੋਏ ਹਨ।