ਨਵੀਂ ਦਿੱਲੀ, 2 ਜੁਲਾਈ, ਦੇਸ਼ ਕਲਿਕ ਬਿਊਰੋ :
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਸੋਮਵਾਰ ਨੂੰ ਲੋਕ ਸਭਾ ਨੂੰ ਸੰਬੋਧਨ ਕਰਦਿਆਂ ਕੀਤੀਆਂ ਗਈਆਂ ਬਹੁਤ ਸਾਰੀਆਂ ਟਿੱਪਣੀਆਂ ਰਿਕਾਰਡ ਤੋਂ ਹਟਾ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ 'ਚ ਹਿੰਦੂਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐੱਸ.ਐੱਸ. ਬਾਰੇ ਟਿੱਪਣੀ ਕੀਤੀ ਸੀ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ, ਉਹ 24 ਘੰਟੇ ਹਿੰਸਾ-ਹਿੰਸਾ, ਨਫ਼ਰਤ-ਨਫ਼ਰਤ ਕਰਦੇ ਰਹਿੰਦੇ ਹਨ। ਪੀਐਮ ਮੋਦੀ ਨੇ ਵੀ ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ।
ਸੋਮਵਾਰ ਨੂੰ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣਾ ਪਹਿਲਾ ਭਾਸ਼ਣ ਦਿੱਤਾ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ 24 ਘੰਟੇ ਹਿੰਸਾ, ਨਫਰਤ ਅਤੇ ਝੂਠ ਫੈਲਾਉਂਦੇ ਰਹਿੰਦੇ ਹਨ। ਉਹ ਹਿੰਦੂ ਨਹੀਂ ਹਨ। ਹਿੰਦੂ ਧਰਮ ਵਿੱਚ ਸਾਫ਼ ਲਿਖਿਆ ਹੈ ਕਿ ਸੱਚ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਅਤੇ ਕਦੇ ਵੀ ਸੱਚ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਹੈ। ਅਹਿੰਸਾ ਫੈਲਾਉਣੀ ਚਾਹੀਦੀ ਹੈ। ਜਦੋਂ ਪੀਐਮ ਮੋਦੀ ਨੇ ਰਾਹੁਲ ਦੇ ਬਿਆਨ 'ਤੇ ਇਤਰਾਜ਼ ਜਤਾਇਆ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਭਾਜਪਾ ਨੂੰ ਹਿੰਸਕ ਕਿਹਾ ਹੈ, ਨਰਿੰਦਰ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਹੈ। ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ। ਆਰਐਸਐਸ ਪੂਰਾ ਹਿੰਦੂ ਸਮਾਜ ਨਹੀਂ ਹੈ।