ਸੀਨੀਅਰ ਅਧਿਕਾਰੀਆਂ ਨੇ ਲਿਆ ਨੋਟਿਸ, ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਕੇ ਚੌਕੀ ਇੰਚਾਰਜ ਨੂੰ ਕੀਤਾ ਮੁਅੱਤਲ
ਅੰਮ੍ਰਿਤਸਰ, 2 ਜੁਲਾਈ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਅਜਨਾਲਾ ਥਾਣੇ ਦੇ ਸਾਬਕਾ ਐੱਸਐੱਚਓ ਅਤੇ ਚੌਕੀ ਇੰਚਾਰਜ ਏਐੱਸਆਈ ਦਰਮਿਆਨ ਹੋਈ ਤਕਰਾਰ ਦੀ ਇੱਕ ਆਡੀਓ ਵਾਇਰਲ ਹੋਈ ਹੈ। ਆਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ਹਰਕਤ 'ਚ ਆ ਗਿਆ ਹੈ।ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ।
ਇਸ ਬਦਤਮੀਜ਼ੀ ਅਤੇ ਗਾਲੀ-ਗਲੋਚ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਆਡੀਓ ਅਜਨਾਲਾ ਥਾਣੇ ਦੇ ਸਾਬਕਾ ਐਸਐਚਓ ਬਲਬੀਰ ਸਿੰਘ ਅਤੇ ਚਮਿਆਰੀ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਕੁਲਦੀਪ ਸਿੰਘ ਵਿਚਕਾਰ ਹੈ। ਇਹ ਸਾਰੀ ਬਹਿਸ ਸ਼ਰਾਬ ਤਸਕਰਾਂ ਵਿਰੁੱਧ ਕਾਰਵਾਈ ਨਾ ਕਰਨ ਨੂੰ ਲੈ ਕੇ ਹੈ।
ਇਸ ਵਿੱਚ ਬਲਬੀਰ ਸਿੰਘ ਸ਼ਰਾਬ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ, ਜਦੋਂਕਿ ਚੌਕੀ ਇੰਚਾਰਜ ਕੁਲਦੀਪ ਸਿੰਘ ਬਿਨਾਂ ਜਾਂਚ ਕੇਸ ਦਰਜ ਨਾ ਕਰਨ ’ਤੇ ਅੜੇ ਹੋਏ ਹਨ। ਰਿਕਾਰਡਿੰਗ 'ਚ ਦੋਵੇਂ ਅਧਿਕਾਰੀ ਪਹਿਲਾਂ ਬਹਿਸ ਕਰਦੇ ਹਨ ਅਤੇ ਫਿਰ ਗਾਲ੍ਹਾਂ ਕੱਢਣ ਲੱਗਦੇ ਹਨ।
ਆਡੀਓ ਵਾਇਰਲ ਹੋਣ ਤੋਂ ਬਾਅਦ ਸੀਨੀਅਰ ਅਧਿਕਾਰੀ ਵੀ ਹਰਕਤ ਵਿੱਚ ਆ ਗਏ। ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਆਡੀਓ ਰਿਕਾਰਡਿੰਗ ਕਰੀਬ ਤਿੰਨ ਹਫ਼ਤੇ ਪੁਰਾਣੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਹੁਣ ਸ਼ਰਾਬ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਕੇ ਚੌਕੀ ਇੰਚਾਰਜ ਕੁਲਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।