ਜੈਪੁਰ, 2 ਜੁਲਾਈ, ਦੇਸ਼ ਕਲਿਕ ਬਿਊਰੋ :
ਰਾਜਸਥਾਨ ਦੇ ਕਰੌਲੀ 'ਚ ਬੋਲੈਰੋ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 2 ਬੱਚਿਆਂ ਅਤੇ 6 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। 4 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਸੋਮਵਾਰ ਸ਼ਾਮ ਕਰੌਲੀ-ਮੰਡਰਾਯਾਲ ਰੋਡ 'ਤੇ ਡੰਡਾਪੁਰਾ ਮੋੜ ਨੇੜੇ ਵਾਪਰਿਆ।
ਐਸਪੀ ਬ੍ਰਜੇਸ਼ ਜੋਤੀ ਉਪਾਧਿਆਏ ਨੇ ਦੱਸਿਆ ਕਿ ਕਰੌਲੀ-ਮੰਡਰਾਯਾਲ ਰੋਡ 'ਤੇ ਡੁੰਡਾਪੁਰਾ ਮੋੜ ਨੇੜੇ ਤੇਜ਼ ਰਫ਼ਤਾਰ ਕਾਰ ਅਤੇ ਟਰੱਕ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਦੋਵੇਂ ਵਾਹਨਾਂ ਦੀ ਟੱਕਰ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਉਥੇ ਪਹੁੰਚੇ। ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸਾ ਵਾਹਨ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਵਾਪਰਿਆ। ਬੋਲੈਰੋ 'ਚ ਸਵਾਰ ਵਿਅਕਤੀ ਕੈਲਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਮੌਕੇ 'ਤੇ ਪਹੁੰਚੀ ਪੁਲਸ ਸਾਰੇ ਜ਼ਖਮੀਆਂ ਨੂੰ ਕਰੌਲੀ ਜ਼ਿਲਾ ਹਸਪਤਾਲ ਲੈ ਗਈ, ਜਿੱਥੇ ਡਾਕਟਰ ਨੇ 9 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ 4 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਔਰਤ ਅਤੇ ਇੱਕ ਲੜਕੀ ਸਮੇਤ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਜੈਪੁਰ ਦੇ ਐਸਐਮਐਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।