ਪਟਿਆਲਾ, 1 ਜੁਲਾਈ, ਦੇਸ਼ ਕਲਿਕ ਬਿਊਰੋ :
ਪਟਿਆਲਾ 'ਚ ਤੈਰਨਾ ਨਾ ਜਾਣਦੇ ਹੋਏ ਵੀ ਇਕ ਨੌਜਵਾਨ ਨੂੰ ਉਸਦੇ ਦੋਸਤਾਂ ਨੇ ਭਾਖੜਾ ਨਹਿਰ 'ਚ ਨਹਾਉਣ ਲਈ ਮਜਬੂਰ ਕਰ ਦਿੱਤਾ। ਨਹਿਰ ਵਿੱਚ ਵੜੇ 19 ਸਾਲਾ ਗੁਰਦਾਸ ਨੂੰ ਬਚਾਉਣ ਲਈ ਉਸਦਾ ਮਸੇਰੇ ਭਰਾ ਅਰਸ਼ਦੀਪ ਸਿੰਘ ਵੀ ਨਹਿਰ ਵਿੱਚ ਵੜ ਗਿਆ।
ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਰਸ਼ਦੀਪ ਸਿੰਘ ਵੀ ਡੁੱਬ ਗਿਆ, ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹਿਰ 'ਚੋਂ ਕੱਢ ਕੇ ਪੁਲਸ ਨੇ ਮੁਲਜ਼ਮ ਤਿੰਨਾਂ ਦੋਸਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਨਿਰਮਲ ਸਿੰਘ, ਹਰਦੀਪ ਸਿੰਘ ਅਤੇ ਮਨਵੀਰ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।