ਚੰਡੀਗੜ੍ਹ, 1 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸੋਮਵਾਰ ਤੋਂ ਖੁੱਲ੍ਹ ਰਹੇ ਹਨ। ਹਾਲਾਂਕਿ, ਕੁਝ ਪ੍ਰਾਈਵੇਟ ਸਕੂਲ ਸੋਮਵਾਰ ਨੂੰ ਅਤੇ ਕੁਝ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਖੁੱਲ੍ਹਣਗੇ। ਰਾਜ ਦੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।
ਚੰਡੀਗੜ੍ਹ ਦੇ ਸਿੰਗਲ ਸ਼ਿਫਟ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਜਦੋਂ ਕਿ ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਸਵੇਰੇ 7.15 ਤੋਂ 12.45 ਵਜੇ ਤੱਕ ਅਤੇ ਦੂਜੀ ਸ਼ਿਫਟ ਦੀਆਂ ਕਲਾਸਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤੱਕ ਚੱਲਣਗੀਆਂ। ਇਸ ਦੇ ਨਾਲ ਹੀ ਪੰਜਾਬ ਦੇ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਮੇਨੂ ਵੀ ਅੱਜ ਤੋਂ ਹੀ ਬਦਲ ਜਾਵੇਗਾ।ਇਸ ਵਾਰ ਵਧਦੀ ਗਰਮੀ ਕਾਰਨ 21 ਮਈ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਸਨ।
ਮੇਨੂ ਦੇ ਅਨੁਸਾਰ, ਸੋਮਵਾਰ ਨੂੰ ਦਾਲ (ਸਬਜ਼ੀਆਂ ਦੇ ਨਾਲ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚਾਵਲ, ਕਾਲੇ ਛੋਲੇ/ਸਫੇਦ ਛੋਲੇ (ਆਲੂਆਂ ਦੇ ਨਾਲ) ਅਤੇ ਬੁੱਧਵਾਰ ਨੂੰ ਪੁਰੀ ਅਤੇ ਰੋਟੀ, ਵੀਰਵਾਰ ਨੂੰ ਕੜ੍ਹੀ-ਚਾਵਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਹਰ ਮਹੀਨੇ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ। ਇਸ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਵੇਗਾ। ਵਿਦਿਆਰਥੀਆਂ ਨੂੰ ਖਾਣ ਪੀਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ।