AMRIT VELE DA HUKAMNAMA SRI DARBAR SAHIB SRI AMRITSAR, ANG 464, 01-07–2024
ਸਲੋਕ ਮਃ ੧
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥
ਪਦਅਰਥ:- ਭੈ ਵਿਚਿ—ਡਰ ਵਿਚ। ਪਵਣੁ ਵਹੈ—ਹਵਾ ਵਗਦੀ ਹੈ। ਸਦਵਾਉ—ਸਦਾ-ਏਵ, ਸਦਾ ਹੀ। ਚਲਹਿ—ਚੱਲਦੇ ਹਨ। ਕਢੈ ਵੇਗਾਰਿ—ਵਗਾਰ ਕੱਢਦੀ ਹੈ। ਭਾਰਿ—ਭਾਰ ਦੇ ਹੇਠ। ਇੰਦੁ—ਇੰਦਰ ਦੇਵਤਾ, ਬੱਦਲ। ਫਿਰੈ—ਫਿਰਦਾ ਹੈ। ਸਿਰ ਭਾਰਿ—ਸਿਰ ਦੇ ਭਾਰ। ਰਾਜਾ ਧਰਮ ਦੁਆਰੁ—ਧਰਮ ਰਾਜੇ ਦਾ ਦੁਆਰ। ਕੋਹ ਕਰੋੜੀ—ਕਰੋੜਾਂ ਕੋਹ। ਸਿਧ—ਅਣਿਮਾ ਆਦਿਕ ਅੱਠ ਸਿੱਧੀਆਂ ਨੂੰ ਜਿਨ੍ਹਾਂ ਮਹਾਤਮਾ ਲੋਕਾਂ ਨੇ ਪ੍ਰਾਪਤ ਕਰ ਲਿਆ ਹੁੰਦਾ ਸੀ, ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ; ਪੁੱਗੇ ਹੋਏ ਜੋਗੀ। ਬੁਧ—ਗਿਆਨਵਾਨ, ਜੋ ਜਗਤ ਦੇ ਮਾਇਕ ਬੰਧਨਾਂ ਤੋਂ ਮੁਕਤ ਹਨ। ਆਡਾਣੇ—ਤਣੇ ਹੋਏ। ਮਹਾਬਲ—ਵੱਡੇ ਬਲ ਵਾਲੇ। ਆਵਹਿ—(ਜੋ ਭੀ ਜੀਵ ਜਗਤ ਵਿਚ) ਆਉਂਦੇ ਹਨ। ਪੂਰ—ਸਾਰੇ ਦੇ ਸਾਰੇ ਜੀਵ ਜੋ ਇਸ ਸੰਸਾਰ-ਸਾਗਰ ਵਿਚ ਜ਼ਿੰਦਗੀ-ਰੂਪ ਬੇੜੀ ਵਿਚ ਬੈਠੇ ਹੋਏ ਹਨ। ਸਗਲਿਆ ਸਿਰਿ—ਸਾਰੇ ਜੀਵਾਂ ਦੇ ਸਿਰ ਉੱਤੇ। ਲੇਖੁ ਲਿਖਿਆ—ਭਉ ਰੂਪੀ ਲੇਖ ਲਿਖਿਆ ਹੋਇਆ ਹੈ।
ਅਰਥ:- ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ। ਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ। ਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ। ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ। ਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ)। ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ। ਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ, ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ। ਸਿੱਧ, ਬੁਧ, ਦੇਵਤੇ ਤੇ ਨਾਥ—ਸਾਰੇ ਰੱਬ ਦੇ ਭੈ ਵਿਚ ਹਨ। ਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ। ਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ। ਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ। ਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ। ਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ।1।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!