ਜਲੰਧਰ, 30 ਜੂਨ, ਦੇਸ਼ ਕਲਿਕ ਬਿਊਰੋ :
ਜਲੰਧਰ 'ਚ ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਅਤੇ ਨਸ਼ਿਆਂ ਖਿਲਾਫ ਲੜ ਰਹੇ ਸਮਾਜ ਸੇਵੀ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਕਿਸ ਨੇ ਕੀਤਾ, ਇਹ ਪਤਾ ਨਹੀਂ ਲੱਗ ਸਕਿਆ ਹੈ। ਸਦਰ ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸਾਬਕਾ ਸਰਪੰਚ ਗੁਰਮੇਲ ਰਾਮ ਦੀ ਲਾਸ਼ ਪਿੰਡ ਲਖਨਪਾਲ ਤੋਂ ਪਿੰਡ ਪੰਡੋਰੀ ਨੂੰ ਜਾਂਦੀ ਕੱਚੀ ਸੜਕ ’ਤੇ ਪਈ ਮਿਲੀ। ਪੁਲਸ ਨੇ ਖੂਨ ਨਾਲ ਲੱਥਪੱਥ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਪਰਿਵਾਰ ਗੁਰਮੇਲ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ।
ਸਾਬਕਾ ਸਰਪੰਚ ਦੇ ਕਤਲ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ। ਲਾਸ਼ ਕੋਲੋਂ ਬਰਾਮਦ ਪਰਸ ਵੀ ਖਾਲੀ ਸੀ, ਜਿਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਕਿਸੇ ਲੁਟੇਰੇ ਨੇ ਅੰਜਾਮ ਦਿੱਤਾ ਹੋਵੇ। ਗੁਰਮੇਲ ਆਪਣੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਿਆਂ ਵਿਰੁੱਧ ਲੜ ਰਿਹਾ ਸੀ।