ਕਪੂਰਥਲਾ, 29 ਜੂਨ, ਦੇਸ਼ ਕਲਿਕ ਬਿਊਰੋ :
ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਚੌਕ ਚੇਲੀਆਂ ਇਲਾਕੇ 'ਚ ਮਸ਼ਹੂਰ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਬਬਨਦੀਪ ਸਿੰਘ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।
ਦੱਸਿਆ ਜਾ ਰਿਹਾ ਹੈ ਕਿ 65 ਸਾਲਾ ਚਰਨਜੀਤ ਸਿੰਘ ਉਰਫ਼ ਚੰਨ ਡਿਪੂ ਵਾਸੀ ਚੌਕ ਚੇਲੀਆਂ ਨੇੜੇ ਮੁਹੱਲਾ ਨਾਈਆਂ ਚੌਕ ਚੇਲੀਆਂ ਵਿਖੇ ਹੈਂਡਲੂਮ ਦਾ ਕਾਰੋਬਾਰ ਕਰਦਾ ਸੀ। ਉਹ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਜਦੋਂ ਅੱਜ ਸਵੇਰੇ ਉਹ ਆਪਣੀ ਦੁਕਾਨ ’ਤੇ ਨਹੀਂ ਪੁੱਜਿਆ। ਇਸ ਲਈ ਉਸ ਦੇ ਦੋਸਤ ਉਸ ਨੂੰ ਘਰ ਮਿਲਣ ਆਏ। ਪਰ ਘਰ ਪਹੁੰਚ ਕੇ ਦੇਖਿਆ ਕਿ ਚਰਨਜੀਤ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਬੈੱਡਰੂਮ 'ਚ ਫਰਸ਼ 'ਤੇ ਪਈ ਸੀ। ਲਾਸ਼ ਦੇ ਕੋਲ ਸਿਰਹਾਣਾ ਪਿਆ ਸੀ, ਜੋ ਖੂਨ ਨਾਲ ਲੱਥਪੱਥ ਸੀ। ਮ੍ਰਿਤਕ ਦੇ ਸਿਰ 'ਤੇ ਵੀ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ।