42 ਬੈਂਕ ਖਾਤਿਆਂ ‘ਚ 1.86 ਕਰੋੜ ਰੁਪਏ ਦੇ ਵਿੱਤੀ ਲੈਣ-ਦੇਣ ਦਾ ਖੁਲਾਸਾ
ਚੰਡੀਗੜ੍ਹ, 28 ਜੂਨ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਤਰਰਾਜੀ ਅਫੀਮ ਤਸਕਰੀ ਗਿਰੋਹ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਇੱਕ ਦਿਨ ਪਹਿਲਾਂ ਦੋ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਹੁਣ 42 ਬੈਂਕ ਖਾਤਿਆਂ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਖਾਤਿਆਂ ਤੋਂ 1.86 ਕਰੋੜ ਰੁਪਏ ਦੇ ਵਿੱਤੀ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੀਆਂ ਅਤੇ ਪਿਛਲੀਆਂ ਕੜੀਆਂ ਦੀ ਜਾਂਚ ਕਰ ਰਹੀ ਹੈ।
ਡਾਇਰੈਕਟਰ ਜਨਰਲ ਪੰਜਾਬ (ਡੀਜੀਪੀ) ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਫਾਜ਼ਿਲਕਾ ਪੁਲਿਸ ਵੱਲੋਂ ਕੀਤੀ ਗਈ ਹੈ। ਸਮੱਗਲਰਾਂ ਦੇ ਇੱਕ ਵੱਡੇ ਗਿਰੋਹ ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਾਜ਼ਿਲਕਾ ਪੁਲਸ ਨੇ ਪਹਿਲਾਂ ਸਵਿਫਟ 'ਚ ਸਵਾਰ ਦੋ ਸਮੱਗਲਰਾਂ ਸੁਖਜਾਦ ਸਿੰਘ ਅਤੇ ਜਗਰਾਜ ਸਿੰਘ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ, ਜਦਕਿ ਉਨ੍ਹਾਂ ਦਾ ਸਾਥੀ ਤਰਸੇਮ ਸਿੰਘ ਭੱਜਣ 'ਚ ਸਫਲ ਹੋ ਗਿਆ।
ਪੁਲਸ ਨੇ ਦੋਵਾਂ ਮੁਲਜਮਾਂ ਕੋਲੋਂ 66 ਕਿਲੋ ਅਫੀਮ ਅਤੇ 40 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਜਾਂਚ 'ਚ ਸਾਹਮਣੇ ਆਇਆ ਕਿ ਇਹ ਪੂਰਾ ਨੈੱਟਵਰਕ ਝਾਰਖੰਡ ਤੋਂ ਚਲਾਇਆ ਜਾ ਰਿਹਾ ਸੀ। ਇਹ ਕਾਰਵਾਈ ਸਿਰਫ਼ ਅਫ਼ੀਮ ਦੀ ਬਰਾਮਦਗੀ ਤੱਕ ਹੀ ਸੀਮਤ ਨਹੀਂ ਰਹੀ, ਪੁਲਿਸ ਨੇ ਡਰੱਗ ਮਨੀ ਜ਼ਬਤ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ।