ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਓਵੈਸੀ ਨੇ ਕਿਹਾ ਕਿ ਇਹ ਸਭ ਤੁਹਾਡੀ ਨਿਗਰਾਨੀ 'ਚ ਹੋ ਰਿਹੈ
ਨਵੀਂ ਦਿੱਲੀ, 28 ਜੂਨ, ਦੇਸ਼ ਕਲਿਕ ਬਿਊਰੋ :
ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੇ ਦਿੱਲੀ ਸਥਿਤ ਘਰ 'ਤੇ ਕਾਲੀ ਸਿਆਹੀ ਸੁੱਟੀ ਗਈ ਹੈ। ਉਨ੍ਹਾਂ ਨੇ ਵੀਰਵਾਰ ਨੂੰ ਇਸ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰ ਦਾ ਬੰਗਲਾ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਗਿਣਤੀ ਭੁੱਲ ਚੁੱਕਾ ਹਾਂ ਕਿ ਦਿੱਲੀ ਵਿੱਚ ਮੇਰੇ ਘਰ ਨੂੰ ਕਿੰਨੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਜਦੋਂ ਮੈਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਇਹ ਸਭ ਉਨ੍ਹਾਂ ਦੇ ਨੱਕ ਹੇਠ ਕਿਵੇਂ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਬੇਵਸੀ ਜ਼ਾਹਰ ਕੀਤੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਓਵੈਸੀ ਨੇ ਕਿਹਾ ਕਿ ਇਹ ਸਭ ਤੁਹਾਡੀ ਨਿਗਰਾਨੀ 'ਚ ਹੋ ਰਿਹਾ ਹੈ। ਨਾਲ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਿਹਾ ਕਿ ਕਿਰਪਾ ਕਰਕੇ ਸਾਨੂੰ ਦੱਸੋ ਕਿ ਸੰਸਦ ਮੈਂਬਰਾਂ ਦੀ ਸੁਰੱਖਿਆ ਦੀ ਗਾਰੰਟੀ ਹੋਵੇਗੀ ਜਾਂ ਨਹੀਂ।
ਓਵੈਸੀ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਗੁੰਡਿਆਂ ਤੋਂ ਨਹੀਂ ਡਰਦਾ ਜੋ ਮੇਰੇ ਘਰ ਨੂੰ ਨਿਸ਼ਾਨਾ ਬਣਾਉਂਦੇ ਹਨ। ਹਿੰਮਤ ਹੈ ਤਾਂ ਮੇਰਾ ਸਾਹਮਣਾ ਕਰਨ। ਸਿਆਹੀ ਸੁੱਟ ਕੇ ਜਾਂ ਪੱਥਰ ਸੁੱਟ ਕੇ ਭੱਜਣ ਨਾ।