ਪਠਾਨਕੋਟ, 26 ਜੂਨ, ਦੇਸ਼ ਕਲਿਕ ਬਿਊਰੋ :
ਦੇਰ ਰਾਤ ਪਠਾਨਕੋਟ ਵਿੱਚ 2 ਸ਼ੱਕੀ ਵਿਅਕਤੀ ਦੇਖੇ ਗਏ ਹਨ। ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਪਾਕਿਸਤਾਨ ਸਰਹੱਦ ਨਾਲ ਲੱਗਦੇ ਆਖਰੀ ਪਿੰਡ ਕੋਟ ਪੱਤੀਆਂ ਵਿਖੇ ਦੇਖਿਆ ਗਿਆ।ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਸ਼ੱਕੀ ਵਿਅਕਤੀ ਇੱਕ ਫਾਰਮ ਹਾਊਸ ਵਿੱਚ ਪੁੱਜੇ।ਉਸ ਸਮੇਂ ਉੱਥੇ ਮਜ਼ਦੂਰ ਮੌਜੂਦ ਸਨ। ਦੋਵਾਂ ਨੇ ਉੱਥੇ ਖਾਣਾ ਖਾਧਾ। ਇਸ ਤੋਂ ਬਾਅਦ ਉਨ੍ਹਾਂ ਨੇ ਉਥੇ ਮੌਜੂਦ ਮਜ਼ਦੂਰਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਪੁਲਿਸ ਜਾਂ ਕਿਸੇ ਨੂੰ ਦੱਸਿਆ ਤਾਂ ਨਤੀਜੇ ਮਾੜੇ ਹੋਣਗੇ।
ਇਸ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਹਾਈ ਅਲਰਟ 'ਤੇ ਆ ਗਈ। ਪਠਾਨਕੋਟ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੇ ਆਪਣੀ ਫੋਰਸ ਨਾਲ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਤੋਂ ਇਲਾਵਾ ਖੁਫੀਆ ਏਜੰਸੀਆਂ ਵੀ ਇਲਾਕੇ 'ਚ ਸਰਚ ਆਪਰੇਸ਼ਨ ਚਲਾ ਰਹੀਆਂ ਹਨ। ਫਿਲਹਾਲ ਪੁਲਿਸ ਨੂੰ ਦੋਨਾਂ ਸ਼ੱਕੀ ਵਿਅਕਤੀਆਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ।