ਚੰਡੀਗੜ੍ਹ, 26ਜੂਨ, ਦੇਸ਼ ਕਲਿੱਕ ਬਿਓਰੋ,
ਸ਼੍ਰੋਮਣੀ ਅਕਾਲੀ ਦਲ ਹੁਣ ਫਿਰ ਇਤਿਹਾਸਕ ਫੁੱਟ ਵਲ ਵੱਧ ਰਿਹਾ ਹੈ।ਜਲੰਧਰ ਵਿੱਚ ਕੱਲ ਵੱਡੇ ਅਕਾਲੀ ਨੇਤਾਵਾਂ ਨੇ ਜਿੱਥੇ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾਮੰਗ ਲਿਆ ਹੈ ਉੱਥੇ ਚੰਡੀਗੜ੍ਹ ਵਿੱਚ ਪਾਰਟੀ ਪ੍ਰਧਾਨ ਨੇ ਮੁਤਬਾਦਲ ਮੀਟਿੰਗ ਕਰਕੇ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਹਨ
ਹੁਣ ਸਵਾਲ ਖੜ ਗਿਆ ਹੈ ਕਿ ਕੀ ਅਕਾਲੀ ਦਲ ਦੋਫਾੜ ਹੋ ਜਾਵੇਗਾ? ਜਾਂ ਸੁਖਬੀਰ ਬਾਦਲ ਜਾਂ ਵਿਰੋਧੀ ਧੜਾ ਦੋਵੇਂ ਆਪੋ ਆਪਣੀਆਂ ਪੁਜ਼ੀਸ਼ਨਾਂ ਤੋਂ ਵਪਿਸ ਹੋ ਕੇ ਕੋਈ ਵਿੱਚ ਵਿਚਾਲੇ ਦਾ ਰਸਤਾ ਅਖਤਿਆਰ ਕਰ ਲੈਣਗੇ ਜਿਸ ਨਾਲ ਅਕਾਲੀ ਦਲ ਫੁੱਟ ਤੋਂ ਬਚ ਜਾਵੇ।
ਇਹਨਾਂ ਸਵਾਲਾਂ ਤੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਅਕਾਲੀ ਦਲ ਦੀ ਮੌਜੂਦਾ ਸਥਿੱਤੀ ‘ਤੇ ਨਜ਼ਰ ਮਾਰਨੀ ਪਵੇਗੀ ।ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ‘ਚ ਅਕਾਲੀ ਦਲ ਦੀ ਹਾਰ, ਫਿਰ 2019 ਦੀਆਂ ਸੰਸਦੀ ਚੋਣਾਂ ‘ਚ ਦੋਂ ਸੀਟਾਂ ਤੇ ਫਿਰ 2022 ਦੀਆਂ ਵਿਧਾਨ ਸਭਾ ‘ਚ ਫਿਰ ਤਿੰਨ ਸੀਟਾਂ ਤੇ ਹੁਣ ਲੋਕ ਸਭਾ ‘ਚ ਫਿਰ ਇੱਕ ਸੀਟ ਮਿਲੀ ਹੈ।ਇਹ ਅਜਿਹੀ ਸਥਿੱਤੀ ਹੈ ਕਿ ਸੁਖਬੀਰ ਤੋਂ ਅਸਤੀਫੇ ਮੰਗਣ ਵਾਲੀ ਅਤੇ ਉਹਨਾਂ ਨੂੰ ਲਾਹ ਕੇ ਨਵਾਂ ਪ੍ਰਧਾਨ ਬਨਾਉਣ ਵਾਲੀ ਧਿਰ ਕੋਲ ਗੁਆਉਣ ਲਈ ਕੁੱਝ ਨਹੀਂ ਹੈ। ਇਹ ਹਾਲਾਤ ਦੋਵੇਂ ਧਿਰਾਂ ਨੂੰ ਸਿਰਧੜ ਦੀ ਬਾਜ਼ੀ ਲਾਕੇ ਆਪਣਾ ਆਪਣਾ ਮਕਸਦ ਹੱਲ ਕਰਨ ਵੱਲ ਪ੍ਰੇਰ ਰਹੇ ਹਨ।
ਵੇਖਣ ਤੇ ਸੁਨਣ ਨੂੰ ਇਹ ਅਜੀਬ ਲੱਗਦਾ ਹੈ ਕਿ ਭਾਰਤ ਦੀ ਲੜਾਕੂ ਘੱਟਗਿਣਤੀ ਦੀ ਨੁੰਮਾਇੰਦਾ ਤੇ ਪੰਥ ਦੀ ਧੜਕਣ ਰਹੀ ਪਾਰਟੀ ਦੀ ਅਜਿਹੀ ਹਾਲਤ ਕਿਵੇਂ ਬਣੀ ਹੈ ?ਜਲੰਧਰ ਵਿੱਚ ਇਕੱਠੇ ਹੋਏ ਪਾਰਟੀ ਦੇ 60 ਸਿਰਕੱਢ ਆਗੂ ਕਿਵੇਂ ਪਾਰਟੀ ਨੂੰ ਲੀਹ ‘ਤੇ ਲਿਆ ਸਕਣਗੇ? ਲੋਕ ਇਸ ਨੂੰ ਸੰਦੇਹ ਨਾਲ ਦੇਖ ਰਹੇ ਹਨ ਕਿਉਂਕਿ ਪਾਰਟੀ ਨੂੰ ਏਥੇ ਤੱਕ ਲੈਕੇ ਆਉਣ ਵੇਲੇ ਵੀ ਇਹ ਆਗੂ ਇਸ ਸਾਰੇ ਅਮਲ ਵਿੱਚ ਸ਼ਾਮਲ ਰਹੇ ਹਨ। ਉੱਧਰ ਚੋਣਾਂ ਵਿੱਚ ਲੋਕਾਂ ਦਾ ਭਰੋਸਾ ਗੁਆਉਣ ਤੋਂ ਇਲਾਵਾ, ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਵੱਲੋਂ ਉੱਚ ਅਹੁਦੇ 'ਤੇ ਬਣੇ ਰਹਿਣ ਅਤੇ ਅਸਤੀਫਾ ਦੇਣ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨ ਦੇ ਮੁੱਦੇ ਨੇ ਪਹਿਲਾਂ ਤੋਂ ਮੌਜੂਦ ਨਾਰਾਜ਼ਗੀ ਨੂੰ ਹੋਰ ਵਧਾ ਦਿੱਤਾ ਹੈ।
ਇਸ ਪੂਰੇ ਘਟਨਾਕ੍ਰਮ ‘ਚ ਦੋ ਪ੍ਰਮੁਖ ਸਖਸ਼ੀਅਤਾਂ ਦਾ ਬਾਦਲ ਪਰਿਵਾਰ ਤੋਂ ਵੱਖਰੀ ਸੁਰ ਰੱਖਣਾ ਹੋਰ ਵੀ ਹੈਰਾਨੀਜਨਕ ਹੈ।ਸੁਖਬੀਰ ਦਾ ਸਾਥ ਦੇਣ ਵਾਲੇ ਉੱਘੇ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੇ ਇੱਕ ਦਿਲਚਸਪ ਮਾਮਲੇ ਨੂੰ ਉਭਾਰਿਆ ਹੈ। ਹੁਣ ਉਹ ਬਾਗੀ ਗਰੁੱਪ ਦਾ ਸਾਥ ਦੇ ਰਿਹਾ ਹੈ। ਹਮਦਰਦ ਉਹ ਸ਼ਖਸ਼ ਹਨ ਜਿਨਾਂ ਨੇ 1999 ਵਿੱਚ ਆਦਮਪੁਰ ਦੀ ਚੋਣ ਹਾਰਨ ‘ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦਿੱਤੇ ਬਿਆਨ ਨੂੰ ਜਲੰਧਰ ਤੋਂ UNI ਨਿਊਜ ਏਜੰਸੀ ‘ਚ ਫਲੈਸ ਕਰਵਾਕੇ ਪ੍ਰਕਾਸ਼ ਸਿੰਘ ਬਾਦਲ ਨੂੰ ਉਕਸਾਇਆਂ ਸੀ। ਜਥੇਦਾਰ ਟੌਹੜਾ ਨੇ ਸ ਬਾਦਲ ਨੂੰ ਸਲਾਹ ਦਿੱਤੀ ਸੀ ਕਿ ਉਹ ਮੁੱਖ ਮੰਤਰੀ ਹੁੰਦਿਆਂ ਪ੍ਰਧਾਨਗੀ ਕਿਸੇ ਹੋਰ ਆਪਣੇ ਭਰੋਸੇਯੋਗ ਬੰਦੇ ਨੂੰ ਦੇ ਦੇਣ ਕਿਉਂਕਿ ਮੁੱਖ ਮੰਤਰੀ ਹੁੰਦਿਆਂ ਕਈ ਪਾਰਟੀ ਮਸਲੇ ਚੁੱਕਣੇ ਔਖੇ ਹੁੰਦੇ ਹਨ।ਸ ਬਾਦਲ ਵੱਲੋਂ ਜਥੇਦਾਰ ਟੌਹੜਾ ਖ਼ਿਲਾਫ਼ ਚਲਾਈ ਮੁਹਿੰਮ ‘ਚ ਸ ਬਲਜਿੰਦਰ ਸਿੰਘ ਡਟ ਕੇ ਖੜੇ ਸਨ ਪਰ ਹੁਣ ਉਹਨਾਂ ਦੀ ਦੂਜੇ ਧੜੇ ‘ਚ ਮੌਜੂਦਗੀ ਕਥਨ ਤੋਂ ਪਰ੍ਹੇ ਹੈ। ਇੱਕ ਹੋਰ ਹੈਰਾਨੀਜਨਕ ਤੱਥ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੀ ਚੁੱਪ ਹੈ। ਉਸ ਨੂੰ ਭਵਿੱਖ ਦੇ ਪ੍ਰੋਗਰਾਮਾਂ ‘ਚ ਧਿਆਨ ਨਾਲ ਦੇਖਿਆ ਜਾਵੇਗਾ ਕਿਉਂਕਿ ਉਹ ਮੰਗਲਵਾਰ ਨੂੰ ਕਿਸੇ ਵੀ ਧੜੇ ਨਾਲ ਨਹੀਂ ਸਨ ਤੇ ਨਾ ਹੀ ਉਸ ਨੇ ਕੋਈ ਬਿਆਨ ਜਾਰੀ ਕੀਤਾ।
ਇਸ ਤੋਂ ਪਹਿਲਾਂ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾ ਲਈ ਸੀ। ਹਾਲ ਹੀ ਵਿੱਚ ਸੁਖਬੀਰ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਲੀਡਰਸ਼ਿਪ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਬਾਦਲ ਦੇ ਨਜ਼ਦੀਕੀ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਰੋਜ਼ਾਨਾ ਜ਼ੁਬਾਨੀ ਝਗੜਾ ਹੋ ਰਿਹਾ ਸੀ।
ਪਾਰਟੀ ਲਈ ਸੰਸਦੀ ਚੋਣਾਂ ਤੋਂ ਬਾਅਦ ਸਿਰਫ10 ਹਲਕਿਆਂ ‘ਚ ਜ਼ਮਾਨਤ ਜ਼ਬਤੀ ਹੀ ਸ਼ਰਮਨਾਕ ਨਹੀਂ ਸਗੋ ਲੋਕਾਂ ਨੇ ਨਤੀਜਿਆਂ ਤੋਂ ਬਾਅਦ ਸਥਿਤੀ ਹੋਰ ਵਿਗੜ ਦਿੱਤੀ ਜਿਸ ਵਿੱਚ ਖਡੂਰ ਸਾਹਿਬ ਤੋਂ ਕੱਟੜਪੰਥੀ ਆਗੂ ਅੰਮ੍ਰਿਤਪਾਲ ਦੀ ਜਿੱਤ ਹੋਈ। ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋਟ ਤੋਂ ਜਿੱਤ ਪ੍ਰਾਪਤ ਕੀਤੀ ਹੈ। ਇਸਦਾ ਅਰਥ ਅਕਾਲੀ ਦਲ ਲਈ ਅਤੀ ਗੰਭੀਰ ਹੈ। ਭਾਵ ਲੋਕਾਂ ਨੇ ਪੰਥ ਹੋਰ ਨੂੰ ਮੰਨ ਲਿਆ ਹੈ।
ਸੁਖਬੀਰ ਬਾਦਲ ਦਾ ਖੇਮਾ ਵਿਰੋਧੀ ਧਿਰ ਨੂੰ ਭਾਜਪਾ ਦੀ ਗੇਮ ਕਰਾਰ ਦੇ ਰਿਹਾ ਹੈ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਵਿਰੋਧੀਆਂ ‘ ਤੇ ਕਾਂਗਰਸੀ ਏਜੰਟ ਹੋਣ ਦਾ ਠੱਪਾ ਲਾਉਂਦੇ ਸਨ।
ਕੀ ਇਹ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਵਿੱਚ ਅਜਿਹੀ ਫੁੱਟ ਦੀ ਸਥਿੱਤੀ ਪੈਦਾ ਹੋਈ ਹੈ? ਇਸਤੋਂ ਪਹਿਲੀ ਵੀ ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਵੇਲ਼ੇ ਤੇ 1999 ਵਿੱਚ ਬਾਦਲ -ਟੌਹੜਾ ਵੇਲੇ ਵੀ ਪਾਰਟੀ ਪੂਰੀ ਤਰ੍ਹਾਂ ਦੋਫਾੜ ਹੋ ਗਈ ਸੀ।ਕੀ ਇਸ ਸਥਿੱਤੀ ਵਿੱਚ ਅਕਾਲ ਤਖ਼ਤ ਦੀ ਵੀ ਦਖਲਅੰਦਾਜੀ ਸੰਭਵ ਹੈ? ਬਿੱਲਕੁੱਲ ਹੋ ਸਕਦੀ ਹੈ ਕਿਉਂਕਿ ਇੱਕ ਧਿਰ ਤਾਂ ਪਹਿਲਾਂ ਹੀ ਅਕਾਲ ਤਖ਼ਤ ‘ਤੇ ਪੇਸ਼ ਹੋਣ ਦਾ ਪ੍ਰੋਗਰਾਮ ਬਣਾ ਚੁੱਕੀ ਹੈ।ਇਹ ਵੀ ਸੰਭਵ ਹੈ ਕਿ ਅਕਾਲ ਤਖ਼ਤ ਦੂਜੀ ਧਿਰ ਨੂੰ ਬੁਲਾ ਕੇ ਕਿਸੇ ਨਵੀਂ ਲੀਡਰਸ਼ਿਪ ਨੂੰ ਅੱਗੇ ਲਾਉਣ ਦਾ ਪ੍ਰੋਗਰਾਮ ਦੇ ਦੇਵੇ ਜਿਸ ਨੂੰ ਦੋਵੇਂ ਧਿਰਾਂ ਲਈ ਮੰਨਣਾ ਪੈ ਜਾਵੇ।
ਪਾਰਟੀ ‘ਤੇ ਆਏ ਇਸ ਸੰਕਟ ਦਾ ਨਿਪਟਾਰਾ ਹੁਣ ਕਿਵੇਂ ਹੁੰਦਾ ਹੈ ਇਹ ਅਜੇ ਕੁੱਝ ਦਿਨ ਹੋਰ ਉਡੀਕ ਕਰਨੀ ਪਵੇਗੀ।