ਨੇੜਲੇ ਪਿੰਡਾਂ ਦੀ ਕਮੇਟੀ ਅੱਜ ਲਵੇਗੀ ਅਹਿਮ ਫੈਸਲਾ
ਸ਼ੰਭੂ, 26 ਜੂਨ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਹੁਣ ਕਿਸਾਨ ਅਤੇ ਨੇੜਲੇ ਪਿੰਡਾਂ ਦੇ ਵਸਨੀਕ ਆਹਮੋ-ਸਾਹਮਣੇ ਹਨ। ਹਾਈਵੇਅ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਨੇੜਲੇ ਪਿੰਡਾਂ ਦੇ ਲੋਕ ਹੁਣ ਕਿਸਾਨਾਂ ਦੇ ਖਿਲਾਫ ਹੋ ਗਏ ਹਨ। ਇਸ ਕਾਰਨ ਪਿੰਡਾਂ ਦੀ ਕਮੇਟੀ ਅੱਜ ਫੈਸਲਾ ਲਵੇਗੀ ਕਿ ਬਨੂੜ ਰੋਡ ਜਾਮ ਕੀਤਾ ਜਾਵੇ ਜਾਂ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇ। ਜੇਕਰ ਬਨੂੜ ਰੋਡ ਵੀ ਜਾਮ ਹੋ ਜਾਂਦੀ ਹੈ ਤਾਂ ਅੰਬਾਲਾ ਜਾਣ ਲਈ 32 ਕਿਲੋਮੀਟਰ ਦੀ ਮਾੜੀ ਹਾਲਤ ਵਾਲੀ ਸੜਕ ਹੀ ਰਹਿ ਜਾਵੇਗੀ।
ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਹੀਂ ਸਗੋਂ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੇ ਉਨ੍ਹਾਂ ਦਾ ਰਾਹ ਰੋਕਿਆ ਹੋਇਆ ਹੈ। ਕਿਸਾਨ ਚਾਹੁੰਦੇ ਹਨ ਕਿ ਸੜਕ ਖੋਲ੍ਹੀ ਜਾਵੇ ਅਤੇ ਉਨ੍ਹਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਐਤਵਾਰ ਨੂੰ 100 ਤੋਂ ਵੱਧ ਵਪਾਰੀ ਸ਼ੰਭੂ ਸਰਹੱਦ 'ਤੇ ਸੜਕ ਨੂੰ ਖੋਲ੍ਹਣ ਲਈ ਪਹੁੰਚੇ ਸਨ। ਇਸ ਕਾਰਨ ਉਥੇ ਝੜਪ ਵੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਕਿਸਾਨਾਂ ਨੇ ਵਪਾਰੀਆਂ 'ਤੇ ਸਟੇਜ 'ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਵੀ ਲਾਏ ਸਨ।