ਨਵੀਂ ਦਿੱਲੀ, 26 ਜੂਨ, ਦੇਸ਼ ਕਲਿਕ ਬਿਊਰੋ :
ਸੰਸਦ ਸੈਸ਼ਨ ਦਾ ਦੂਜਾ ਦਿਨ ਵੀ ਨਾਅਰੇਬਾਜ਼ੀ ਅਤੇ ਵਿਵਾਦਾਂ ਨਾਲ ਸਮਾਪਤ ਹੋਇਆ। ਕਾਂਗਰਸ ਨੇ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ, ਪਰ ਭਾਜਪਾ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਨਾਰਾਜ਼ ਵਿਰੋਧੀ ਧਿਰ ਨੇ ਐਨਡੀਏ ਸਪੀਕਰ ਉਮੀਦਵਾਰ ਓਮ ਬਿਰਲਾ ਖ਼ਿਲਾਫ਼ ਸੁਰੇਸ਼ ਨੂੰ ਉਤਾਰਿਆ ਹੈ। ਅੱਜ ਸਵੇਰੇ 11 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਪ੍ਰੋਟੇਮ ਸਪੀਕਰ ਸਦਨ ਵਿੱਚ ਵੋਟਿੰਗ ਕਰਵਾਉਣਗੇ। ਭਾਜਪਾ-ਕਾਂਗਰਸ ਨੇ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕੀਤਾ ਹੈ।
ਗਿਣਤੀ ਵਿੱਚ ਐਨਡੀਏ ਦਾ ਪਲੜਾ ਭਾਰੀ ਹੈ। ਐਨਡੀਏ ਕੋਲ ਲੋਕ ਸਭਾ ਵਿੱਚ 293 ਸੰਸਦ ਮੈਂਬਰਾਂ ਨਾਲ ਸਪੱਸ਼ਟ ਬਹੁਮਤ ਹੈ।ਇੰਡੀਆ ਅਲਾਂਇਸ ਦੇ 233 ਸੰਸਦ ਮੈਂਬਰ ਹਨ। 16 ਹੋਰ ਸੰਸਦ ਮੈਂਬਰ ਹਨ। ਚੋਣ ਸੰਸਦ ਵਿੱਚ ਮੌਜੂਦ ਮੈਂਬਰਾਂ ਦੇ ਸਧਾਰਨ ਬਹੁਮਤ ਦੁਆਰਾ ਕੀਤੀ ਜਾਂਦੀ ਹੈ।
ਅਜਿਹੇ 'ਚ ਓਮ ਬਿਰਲਾ ਨੂੰ ਸਪੀਕਰ ਦੇ ਅਹੁਦੇ ਦੇ ਕਰੀਬ ਮੰਨਿਆ ਜਾ ਰਿਹਾ ਹੈ। ਜੇਕਰ ਬਿਰਲਾ ਜਿੱਤ ਜਾਂਦੇ ਹਨ ਤਾਂ ਉਹ ਦੂਜੀ ਵਾਰ ਸਪੀਕਰ ਬਣਨ ਵਾਲੇ ਪਹਿਲੇ ਭਾਜਪਾ ਨੇਤਾ ਹੋਣਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਬਲਰਾਮ ਜਾਖੜ ਦੋ ਵਾਰ ਸਪੀਕਰ ਰਹਿ ਚੁੱਕੇ ਹਨ।