ਫਾਜਿਲਕਾ, 25 ਜੂਨ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਦੇ ਅਬੋਹਰ ਦੇ ਪਿੰਡ ਜੋਧਪੁਰ ਨਿਵਾਸੀ ਕਿਸਾਨ ਦੀ ਜ਼ਮੀਨ 'ਤੇ ਕੁਝ ਵਿਅਕਤੀਆਂ ਵੱਲੋਂ ਜ਼ਬਰਦਸਤੀ ਕਬਜ਼ਾ ਕਰਨ ਅਤੇ ਧਮਕੀਆਂ ਦੇਣ ਤੋਂ ਦੁਖੀ ਉਕਤ ਵਿਅਕਤੀ ਨੇ ਘਰ 'ਚ ਰੱਖੀ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਪਿਛਲੇ 5 ਦਿਨਾਂ ਤੋਂ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਪਰਿਵਾਰਕ ਮੈਂਬਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਸੀ।ਕਿਸਾਨ ਆਗੂਆਂ ਬਲਰਾਜ ਸਿੰਘ, ਪ੍ਰਦੀਪ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਮ੍ਰਿਤਕ ਕੁਲਵੰਤ ਸਿੰਘ ਕੰਤਾ ਦੀ ਛੇ ਕਨਾਲ ਜ਼ਮੀਨ ’ਤੇ ਟਰੈਕਟਰ ਨਾਲ ਜਬਰੀ ਕਬਜ਼ਾ ਕਰ ਲਿਆ ਸੀ।
ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਐਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਕੁਲਵੰਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਬੂਟਾ ਸਿੰਘ, ਹਰਸੰਗੀਤ ਸਿੰਘ, ਸੁਖਰਾਮ, ਕੁਲਵੰਤ ਸਿੰਘ ਉਰਫ਼ ਕਾਂਤਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਬੂਤ ਮਿਲਦੇ ਜਾਣਗੇ ਉਵੇਂ ਕਾਰਵਾਈ ਕੀਤੀ ਜਾਵੇਗੀ।