ਚੰਡੀਗੜ੍ਹ, 25 ਜੂਨ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਹਿਸਾਰ 'ਚ ਅੱਜ ਮੰਗਲਵਾਰ ਨੂੰ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਪਿੰਡ ਢੰਡੂਰ ਦੀ ਹੈ। ਮਰਨ ਵਾਲਿਆਂ ਵਿੱਚ ਦਾਦਾ-ਦਾਦੀ ਅਤੇ ਪੋਤਾ ਸ਼ਾਮਲ ਹਨ। ਇਹ ਪਰਿਵਾਰ ਕਰੀਬ 10 ਸਾਲਾਂ ਤੋਂ ਪਿੰਡ ਦੇ ਨੇੜੇ ਬੀੜ ਦੇ ਖੇਤਾਂ ਨੂੰ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਸੀ। ਇਹ ਜ਼ਮੀਨ ਹਿਸਾਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਹੈ।
ਗੁਆਂਢੀਆਂ ਅਨੁਸਾਰ ਜਦੋਂ ਜ਼ਮੀਨ ਮਾਲਕ ਨੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਨ ਦੇ ਬਾਵਜੂਦ ਹਿਸਾਬ-ਕਿਤਾਬ ਨਾ ਦਿੱਤਾ ਤਾਂ ਪਰਿਵਾਰ ਨੇ ਪਰੇਸ਼ਾਨ ਹੋ ਕੇ ਜ਼ਹਿਰ ਖਾ ਲਿਆ।
ਤਿੰਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਪਹਿਲਾਂ ਪੋਤੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦਾਦਾ-ਦਾਦੀ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਤਾਪ (65), ਬਿਮਲਾ (60) ਅਤੇ ਨਸੀਬ ਵਜੋਂ ਹੋਈ ਹੈ।