ਚੰਡੀਗੜ੍ਹ, 24 ਜੂਨ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਖਿਡੌਣਾ ਟਰੇਨ ਪਲਟਣ ਕਾਰਨ ਵਿਚ ਬੈਠਾ 11 ਸਾਲਾ ਬੱਚਾ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਜੀਐਮਸੀਐਚ-32 ਵਿੱਚ ਭਰਤੀ ਕਰਵਾਇਆ ਗਿਆ। ਐਤਵਾਰ ਤੜਕੇ 4 ਵਜੇ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ।
ਜਤਿੰਦਰ ਪਾਲ ਦੀ ਸ਼ਿਕਾਇਤ 'ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਸ ਨੇ ਖਿਡੌਣਾ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂ ਧਾਮ ਅਤੇ ਕੰਪਨੀ ਮਾਲਕਾਂ ਖਿਲਾਫ ਗੈਰ ਇਰਾਦਤਨ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪੁਲਿਸ ਨੇ ਏਲਾਂਤੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਬੱਚਾ ਖਿਡੌਣਾ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਖਿਡੌਣਾ ਟਰੇਨ ਵਿੱਚ ਸਿਰਫ਼ ਦੋ ਬੱਚੇ ਹੀ ਬੈਠੇ ਸਨ। ਪਿਤਾ ਦਾ ਦੋਸ਼ ਹੈ ਕਿ ਇਹ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।