ਅੱਡੇ ਦੀ ਛੱਤ ਉੱਤੇ ਪੁਰਾਣੀਆਂ ਟਾਈਲਾਂ ਤੇ ਗੈਰ ਮਿਆਰੀ ਸਮੱਗਰੀ ਬਰਤਨ ਦੇ ਲਗਾਏ ਦੋਸ਼
ਬਿਜੀਲੈਂਸ ਬਿਊਰੋ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਤੋਂ ਕੀਤੀ ਜਾਂਚ ਦੀ ਮੰਗ
ਮੋਰਿੰਡਾ 23 ਜੂਨ ਭਟੋਆ
ਨਗਰ ਕੌਂਸਲ ਮੋਰਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਨੇ ਆਪਣੇ ਸਾਥੀ ਵਿਰੋਧੀ ਧਿਰ ਦੇ ਕੌਂਸਲਰਾਂ ਦਾ ਨਾਲ ਮੋਰਿੰਡਾ ਦੇ ਬੱਸ ਸਟੈਂਡ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਸਬੰਧੀ ਚੱਲ ਰਹੇ ਕੰਮ ਦਾ ਜਾਇਜਾ ਲਿਆ ਅਤੇ ਸਬੰਧਤ ਠੇਕੇਦਾਰ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਅਹੁਦੇਦਾਰਾਂ ਦੀ ਕਥਿਤ ਮਿਲੀ ਭੁਗਤ ਸਦਕਾ ਬਸ ਸਟੈਂਡ ਦੀ ਛੱਤ ਤੇ ਪੁਰਾਣੀਆਂ ਟਾਈਲਾਂ ਅਤੇ ਗੈਰ ਮਿਆਰੀ ਸੀਮੈਂਟ, ਰੇਤ ਵਰਤਣ ਦੇ ਦੋਸ਼ ਲਗਾਉਂਦਿਆਂ, ਪੰਜਾਬ ਵਿਜੀਲੈਂਸ ਬਿਊਰੋ ਅਤੇ ਡਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਤੋਂ ਉੱਚ ਪੱਧਰੀ ਜਾਂਚ ਪੜਤਾਲ ਦੀ ਮੰਗ ਕੀਤੀ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਰਕੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਵੱਲੋਂ ਮੋਰਿੰਡਾ ਦੇ ਬੱਸ ਸਟੈਂਡ ਦਾ ਨਵੀਨੀਕਰਨ ਕਰਕੇ ਇਸ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਤੇ ਬੱਸ ਅੱਡੇ ਵਿੱਚ ਆਉਣ ਵਾਲੀਆਂ ਬੱਸਾਂ ਤੇ ਹੋਰ ਵਾਹਨਾਂ ਸਮੇਤ ਸਵਾਰੀਆਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਲਗਭਗ 90 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ ਪ੍ਰੰਤੂ ਅੱਜ ਉਨਾਂ ਵੱਲੋ ਸਾਥੀ ਕੌਂਸਲਰਾਂ ਸੁਖਜਿੰਦਰ ਸਿੰਘ ਕਾਕਾ, ਰਿੰਪੀ ਕੁਮਾਰ ਅਤੇ ਠੇਕੇਦਾਰ ਬਲਵਿੰਦਰ ਸਿੰਘ ਲਾਲਾ, ਨੂੰ ਨਾਲ ਲੈਕੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ ਤਾਂ ਸਬੰਧਤ ਠੇਕੇਦਾਰ ਦੇ ਕਰਿੰਦਿਆ ਵੱਲੋਂ ਬਸ ਸਟੈਂਡ ਦੀ ਛੱਤ ਉੱਤੇ ਟਾਈਲ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ । ਉਹਨਾਂ ਦੋਸ਼ ਲਗਾਇਆ ਕਿ ਠੇਕੇਦਾਰ ਵੱਲੋਂ ਨਗਰ ਕੌਂਸਲ ਮੋਰਿੰਡਾ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਅਹੁਦੇਦਾਰਾਂ ਦੀ ਕਥਿਤ ਮਿਲੀ ਭੁਗਤ ਸਦਕਾ, ਨਵੀਆਂ ਟਾਇਲਾਂ ਲਗਾਉਣ ਦੀ ਥਾਂ ਤੇ ਪੁਰਾਣੀਆਂ ਟਾਈਲਾਂ ਹੀ ਬੱਸ ਅੱਡੇ ਦੀ ਛੱਤ ਤੇ ਲਗਾਈਆਂ ਜਾ ਰਹੀਆਂ ਸਨ, ਅਤੇ ਨਗਰ ਕੌਂਸਲ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਚੱਲ ਰਹੇ ਕੰਮ ਨੂੰ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਛੱਤ ਉਪਰ ਟਾਈਲਾਂ ਲਗਾਉਣ ਤੋਂ ਪਹਿਲਾਂ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਨਾ ਤਾਂ ਛੱਤ ਉੱਤੇ ਜੰਮੇ ਘਾਹ ਦੀ ਸਫਾਈ ਕੀਤੀ ਗਈ ਅਤੇ ਨਾ ਹੀ ਇਕਰਾਰਨਾਮੇ ਅਨਸਾਰ ਲੁੱਕ ਪਾਈ ਗਈ ਹੈ ਸਗੋਂ ਟਾਈਲਾਂ ਲਗਾਉਣ ਲਈ ਵਰਤੇ ਜਾਣ ਵਾਲੇ ਸੀਮਿੰਟ ਰੇਤ ਦੇ ਮਿਸ਼ਰਣ ਵਿੱਚ ਸੀਮਿੰਟ ਵੀ ਨਾ ਮਾਤਰ ਤੇ ਗੈਰ ਮਿਆਰੀ ਹੀ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਬਰਸਾਤ ਹੋਣ ਸਮੇ ਇਹ ਪੁਰਾਣੀਆਂ ਟਾਈਲਾਂ ਬੱਸ ਸਟੈਂਡ ਦੀ ਛੱਤ ਉਪਰ ਟਿਕ ਨਹੀ ਸਕਣਗੀਆਂ ਸਗੋਂ ਉਖੜ ਜਾਣਗੀਆਂ ਅਤੇ ਬੱਸ ਸਟੈਂਡ ਪਹਿਲਾਂ ਵਾਂਗ ਹੀ ਮੁੜ ਚੋਣ ਲੱਗ ਜਾਵੇਗਾ ,ਜਿਸ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਹੋਵੇਗੀ ਅਤੇ ਨਗਰ ਕੌਂਸਲ ਵੱਲੋ ਖਰਚੇ ਜਾ ਰਹੇ ਲੱਖਾਂ ਰੁਪਏ ਬੇਕਾਰ ਚਲੇ ਜਾਣਗੇ। ਸੀਨੀਅਰ ਮੀਤ ਪ੍ਰਧਾਨ ਸ੍ਰੀ ਖੱਟੜਾ ਤੇ ਸਾਥੀਆਂ ਨੇ ਮੰਗ ਕੀਤੀ ਕਿ ਬੱਸ ਸਟੈਂਡ ਦੀ ਛੱਤ ਤੇ ਪੁਰਾਣੀਆਂ ਟਾਈਲਾਂ ਤੇ ਗੈਰ ਮਿਆਰੀ ਸੀਮੈਂਟ ਤੇ ਹੋਰ ਸਮੱਗਰੀ ਵਰਤਣ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਅਤੇ ਡਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਵੱਲੋ ਉੱਚ ਪੱਧਰੀ ਜਾਂਚ ਪੜਤਾਲ ਕਰਕੇ ਨਗਰ ਕੌਂਸਲ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਆਹੁਦੇਦਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਗਰ ਕੌਂਸਲ ਨੂੰ ਲੱਗ ਰਹੇ ਚੂਨੇ ਨੂੰ ਰੋਕਿਆ ਜਾਵੇ।
ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਸ੍ਰੀ ਰਜਨੀਸ਼ ਸੂਦ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋ ਛੁੱਟੀ ਤੇ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਜਾਹਰ ਕਰਨ ਤੋਂ ਇਨਕਾਰ ਕਰ ਦਿੱਤਾ, ਜਦਕਿ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕਿਹਾ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭੇਜ ਕੇ ਬੱਸ ਸਟੈਂਡ ਦੀ ਛੱਤ ਤੇ ਚੱਲ ਰਹੇ ਕੰਮ ਨੂੰ ਤੁਰੰਤ ਚੈੱਕ ਕਰਵਾਉਣਗੇ ਅਤੇ ਕਿਸੇ ਵੀ ਕੀਮਤ ਤੇ ਪੁਰਾਣੀਆਂ ਟਾਈਲਾਂ ਜਾਂ ਗੈਰ ਮਿਆਰੀ ਸਮੱਗਰੀ ਵਰਤਣ ਦੀ ਆਗਿਆ ਨਹੀਂ ਦੇਣਗੇ।