ਮੈਲਬੌਰਨ, 25 ਜਨਵਰੀ, ਦੇਸ਼ ਕਲਿਕ ਬਿਊਰੋ :
ਆਸਟ੍ਰੇਲੀਆ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦਰਅਸਲ, ਆਸਟ੍ਰੇਲੀਆ ਵਿੱਚ ਚਾਰ ਭਾਰਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਮਰਨ ਵਾਲੇ ਲੋਕ ਇਕ ਹੀ ਪਰਿਵਾਰ ਦੇ ਸਨ ਅਤੇ ਫਿਲਿਪ ਆਈਲੈਂਡ 'ਤੇ ਛੁੱਟੀਆਂ ਮਨਾਉਣ ਆਏ ਸਨ। ਆਸਟ੍ਰੇਲੀਆ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਮਰਨ ਵਾਲਿਆਂ 'ਚ ਤਿੰਨ ਲੋਕਾਂ ਦੀ ਉਮਰ 20 ਸਾਲ ਦੇ ਕਰੀਬ ਸੀ, ਜਦਕਿ ਇਕ ਔਰਤ ਦੀ ਉਮਰ 40 ਸਾਲ ਦੇ ਕਰੀਬ ਸੀ। ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ 'ਚ ਲਿਖਿਆ ਕਿ ਆਸਟ੍ਰੇਲੀਆ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਵਿਕਟੋਰੀਆ ਦੇ ਫਿਲਿਪ ਆਈਲੈਂਡ 'ਤੇ ਚਾਰ ਭਾਰਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ। ਹਾਈ ਕਮਿਸ਼ਨ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।