ਲੁਧਿਆਣਾ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਦੇਰ ਰਾਤ ਇੱਕ ਵਿਦੇਸ਼ੀ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਵਿਦਿਆਰਥੀ ਫਿਰੋਜ਼ਪੁਰ ਰੋਡ 'ਤੇ ਸਥਿਤ ਪ੍ਰਾਈਵੇਟ ਪੀਸੀਟੀਈ ਯੂਨੀਵਰਸਿਟੀ ਦਾ ਦੂਜੇ ਸਾਲ ਦਾ ਵਿਦਿਆਰਥੀ ਸੀ। ਉਸ ਦੇ ਸਾਥੀਆਂ ਅਨੁਸਾਰ ਉਹ ਕਮਰੇ ਵਿੱਚ ਪਿਆ ਮਿਲਿਆ, ਜਦੋਂ ਕਿ ਸਿਵਲ ਹਸਪਤਾਲ ਅਨੁਸਾਰ ਵਿਦਿਆਰਥੀ ਨੇ ਉਲਟੀਆਂ ਲੱਗੀਆਂ ਸਨ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਦੱਖਣੀ ਸੇਡਾਨ ਦੇ ਮੋਰਡੇ ਮੇਡੀ ਯੋਕੋਬੋ ਵਜੋਂ ਹੋਈ ਹੈ। ਉਹ ਇੱਕ ਸਾਲ ਪਹਿਲਾਂ ਲੁਧਿਆਣਾ ਆਇਆ ਸੀ। ਇਸ ਸਮੇਂ ਉਹ ਸੁੰਦਰ ਨਗਰ ਵਿੱਚ ਨਰਿੰਦਰ ਬਾਂਸਲ ਦੇ ਘਰ ਕਿਰਾਏ ’ਤੇ ਰਹਿੰਦਾ ਸੀ। ਰਾਤ ਢਾਈ ਵਜੇ ਉਸ ਦੇ ਸਾਥੀਆਂ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਯੋਕੋਬਾ ਐਮਬੀਡੀ ਮਾਲ ਨੇੜੇ ਉਲਟੀਆਂ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਸ਼ੱਕੀ ਹੈ ਪਰ ਯੋਕੋਬੋ ਦੇ ਦੋਸਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਦੇਰ ਰਾਤ ਉਸ ਦੇ ਕਮਰੇ ਵਿਚ ਗਏ ਤਾਂ ਉਹ ਬੈੱਡ 'ਤੇ ਲੇਟਿਆ ਹੋਇਆ ਸੀ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਹ ਉਸ ਨੂੰ ਨਿੱਜੀ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।