ਟੋਰਾਂਟੋ ਏਅਰਪੋਰਟ 'ਤੇ 10 ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ,ਫਲਾਈਟ 'ਚ ਸਵਾਰ ਹੋਣੋਂ ਰੋਕਿਆ
ਚੰਡੀਗੜ੍ਹ, 11 ਨਵੰਬਰ, ਦੇਸ਼ ਕਲਿਕ ਬਿਊਰੋ :
ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਏਅਰ ਇੰਡੀਆ ਦੇ ਜਹਾਜ਼ਾਂ ਸੰਬੰਧੀ ਦਿੱਤੀ ਧਮਕੀ ਤੋਂ ਬਾਅਦ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਇਸ ਧਮਕੀ ਨੂੰ ਲੈ ਕੇ ਕੈਨੇਡਾ ਨਾਲ ਗੱਲ ਕੀਤੀ ਸੀ। ਜਿਸ ਕਾਰਨ ਏਅਰਪੋਰਟ 'ਤੇ ਏਅਰ ਇੰਡੀਆ ਦੇ ਯਾਤਰੀਆਂ 'ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।ਸ਼ੁੱਕਰਵਾਰ ਨੂੰ ਟੋਰਾਂਟੋ ਏਅਰਪੋਰਟ 'ਤੇ ਕਰੀਬ 10 ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਨੂੰ ਸਿੱਧੇ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ।ਕੈਨੇਡੀਅਨ ਟਰਾਂਸਪੋਰਟ ਮੰਤਰੀ ਪਾਬਲੋ ਰੌਡਰਿਗਜ਼ ਨੇ ਕਿਹਾ ਕਿ ਸੰਘੀ ਪੁਲਿਸ 19 ਨਵੰਬਰ ਨੂੰ ਏਅਰ ਇੰਡੀਆ ਦੀ ਉਡਾਣ 'ਚ ਬੰਬ ਦੀ ਧਮਕੀ ਦੀ ਜਾਂਚ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਆਰਸੀਐਮਪੀ ਨੇ ਇਹ ਕਾਰਵਾਈ ਕੀਤੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਮੁਲਜ਼ਮ ਕੋਲੋਂ ਕੀ ਬਰਾਮਦ ਹੋਇਆ ਹੈ। ਸਾਰੇ ਮੁਲਜ਼ਮ ਕੈਨੇਡਾ ਤੋਂ ਏਅਰ ਇੰਡੀਆ ਦੇ ਜਹਾਜ਼ 'ਚ ਸਵਾਰ ਹੋਣ ਜਾ ਰਹੇ ਸਨ।ਖਾਲਿਸਤਾਨੀ ਪੰਨੂ ਨੇ ਜਾਰੀ ਵੀਡੀਓ 'ਚ ਕਿਹਾ ਹੈ ਕਿ 19 ਨਵੰਬਰ ਨੂੰ ਉਹ ਵਿਸ਼ਵ ਪੱਧਰ 'ਤੇ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਗੇ ਅਤੇ ਉਨ੍ਹਾਂ ਨੂੰ ਉਡਾਣ ਨਹੀਂ ਭਰਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ।ਇਸ ਵਿੱਚ ਪੰਨੂ ਨੇ ਆਪਣੇ ਇਰਾਦਿਆਂ ਬਾਰੇ ਦੱਸਦਿਆਂ ਕਿਹਾ ਕਿ 19 ਨਵੰਬਰ ਉਹੀ ਦਿਨ ਹੈ ਜਿਸ ਦਿਨ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਹੈ।