ਨਵੀਂ ਦਿੱਲੀ, 12 ਅਕਤੂਬਰ, ਦੇਸ਼ ਕਲਿਕ ਬਿਊਰੋ :
ਇਜ਼ਰਾਈਲ-ਹਮਾਸ ਜੰਗ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਇਜ਼ਰਾਈਲ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਐਲਾਨ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਆਪਰੇਸ਼ਨ ਅਜੈ ਤਹਿਤ ਭਾਰਤੀਆਂ ਨੂੰ ਵਾਪਸ ਲਿਆਏਗੀ। ਜੋ ਵੀ ਵਾਪਸ ਆਉਣਾ ਚਾਹੁੰਦਾ ਹੈ ਉਹ ਆ ਸਕਦਾ ਹੈ।ਅਪਰੇਸ਼ਨ ਅਜੇ ਦੇ ਤਹਿਤ ਭਾਰਤ ਤੋਂ ਪਹਿਲੀ ਫਲਾਈਟ ਅੱਜ ਇਜ਼ਰਾਈਲ ਲਈ ਰਵਾਨਾ ਹੋਵੇਗੀ। ਇਜ਼ਰਾਈਲ 'ਚ ਭਾਰਤੀ ਰਾਜਦੂਤ ਨੇ ਕਿਹਾ ਕਿ ਪਹਿਲੀ ਉਡਾਣ 'ਤੇ ਭੇਜੇ ਜਾਣ ਵਾਲੇ ਰਜਿਸਟਰਡ ਲੋਕਾਂ ਦੀ ਸੂਚਨਾ ਈਮੇਲ ਕਰ ਦਿੱਤੀ ਗਈ ਹੈ।ਹੋਰ ਰਜਿਸਟਰਡ ਲੋਕਾਂ ਦੀ ਜਾਣਕਾਰੀ ਅਗਲੀ ਉਡਾਣ ਲਈ ਭੇਜੀ ਜਾਵੇਗੀ।ਤੇਲ ਅਵੀਵ ਸਥਿਤ ਭਾਰਤੀ ਦੂਤਾਵਾਸ ਮੁਤਾਬਕ ਇਜ਼ਰਾਈਲ ਵਿੱਚ 18,000 ਭਾਰਤੀ ਰਹਿ ਰਹੇ ਹਨ। ਫਿਲਹਾਲ ਸਾਰੇ ਸੁਰੱਖਿਅਤ ਹਨ। ਇਜ਼ਰਾਈਲ ਪਹੁੰਚੇ ਭਾਰਤੀ ਸੈਲਾਨੀਆਂ ਨੇ ਦੂਤਘਰ ਨੂੰ ਸੁਰੱਖਿਅਤ ਨਿਕਾਸੀ ਦੀ ਅਪੀਲ ਕੀਤੀ ਹੈ।7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 'ਚ ਹੁਣ ਤੱਕ 2300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਲਗਭਗ 1,200 ਇਜ਼ਰਾਈਲੀ ਹਨ। ਹੁਣ ਤੱਕ ਕਰੀਬ 1,100 ਫਲਸਤੀਨੀ ਵੀ ਆਪਣੀ ਜਾਨ ਗੁਆ ਚੁੱਕੇ ਹਨ।