ਚੰਡੀਗੜ੍ਹ, 5 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ 2 ਅਕਤੂਬਰ ਦੀ ਰਾਤ ਨੂੰ ਗੋਲੀਬਾਰੀ ਕਰਨ ਵਾਲੇ ਅੱਠ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਘਰਾਂ ‘ਚ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੀਲ ਰੀਜਨਲ ਪੁਲਿਸ ਨੇ ਫੜੇ ਗਏ ਨੌਜਵਾਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਜਿਸ ਵਿਚ ਪਿਸਤੌਲ ਵੀ ਸ਼ਾਮਲ ਹਨ।ਬਰੈਂਪਟਨ ਵਿਚ ਬ੍ਰਿਡਲ ਡਰਾਈਵ 'ਤੇ ਡੋਨਾਲਡ ਸਟਰੀਟ ਦੇ ਲੋਕਾਂ ਨੇ ਪੁਲਿਸ ਨੂੰ ਫ਼ੋਨ 'ਤੇ ਸ਼ਿਕਾਇਤ ਕੀਤੀ ਸੀ ਕਿ 2 ਅਕਤੂਬਰ ਦੀ ਰਾਤ ਨੂੰ ਕੁਝ ਪੰਜਾਬੀ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ।
ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।ਪੁਲਿਸ ਜਾਂਚ ਵਿਚ ਪਾਇਆ ਗਿਆ ਕਿ ਗੋਲੀਬਾਰੀ ਹੋਈ ਸੀ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਬਰੈਂਪਟਨ ਦੀ ਡੋਨਾਲਡ ਸਟਰੀਟ 'ਚ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੀਲ ਪੁਲਸ ਨੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਰੇ ਮੁਲਜ਼ਮ ਇੱਕ ਘਰ ਵਿੱਚ ਲੁਕੇ ਹੋਏ ਹਨ। ਪੁਲਸ ਨੇ ਘਰ 'ਚ ਛਾਪਾ ਮਾਰ ਕੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਰਾਜਦੀਪ, ਰਬਜੋਤ ਰੰਧਾਵਾ, ਜਗਮੀਤ ਸਿੰਘ, ਰਿਪਨਜੀਤ ਸਿੰਘ, ਜਪਨਜੀਤ ਸਿੰਘ, ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 19 ਤੋਂ 26 ਸਾਲ ਦਰਮਿਆਨ ਹੈ।ਇਨ੍ਹਾਂ ਵਿੱਚ ਇੱਕ ਨੌਜਵਾਨ ਅਜਿਹਾ ਵੀ ਸ਼ਾਮਲ ਹੈ, ਜਿਸ ਦੀ ਕਾਰ ਨੇ ਪਿੱਛੇ ਜਿਹੇ ਇੱਕ ਟਰੱਕ ਨੂੰ ਟੱਕਰ ਮਾਰੀ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਲੋਕਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਫੜੇ ਗਏ ਪੰਜਾਬੀ ਨੌਜਵਾਨ ਗੁੰਡੇ ਸੁਭਾਅ ਦੇ ਹਨ ਅਤੇ ਅਕਸਰ ਉੱਥੇ ਲੜਾਈ-ਝਗੜੇ ਕਰਦੇ ਰਹਿੰਦੇ ਹਨ।