ਵਾਸ਼ਿੰਗਟਨ,8 ਜੁਲਾਈ,ਦੇਸ਼ ਕਲਿਕ ਬਿਊਰੋ:
ਵਾਸ਼ਿੰਗਟਨ ਡੀਸੀ ਵਿੱਚ ਵਿਦਿਆਰਥੀਆਂ ਨੂੰ ਹੁਣ ਸਿੱਖ ਧਰਮ ਬਾਰੇ ਜਾਣਨ ਦਾ ਮੌਕਾ ਮਿਲੇਗਾ। ਡਿਸਟ੍ਰਿਕਟ ਆਫ਼ ਕੋਲੰਬੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਨਵੇਂ ਸਮਾਜਿਕ ਅਧਿਐਨ ਮਾਪਦੰਡਾਂ ਦੇ ਹੱਕ ਵਿੱਚ ਵੋਟ ਦਿੱਤੀ ਹੈ ਜਿਸ ‘ਚ ਸਕੂਲੀ ਪਾਠਕ੍ਰਮ ਵਿੱਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਜਾਵੇਗਾ।
ਅਮਰੀਕਾ ਦੇ 17 ਰਾਜਾਂ ਦੇ ਸਕੂਲਾਂ ਵਿੱਚ ਸਿੱਖ ਧਰਮ ਬਾਰੇ ਪਹਿਲਾਂ ਹੀ ਪੜ੍ਹਾਇਆ ਜਾਂਦਾ ਹੈ।ਸਿੱਖ ਕੁਲੀਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੇਂ ਮਾਪਦੰਡ ਸੂਬੇ ਦੇ ਲਗਭਗ 49,800 ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰਨਗੇ।
ਸਿੱਖ ਕੁਲੀਸ਼ਨ ਦੇ ਸਿੱਖਿਆ ਨਿਰਦੇਸ਼ਕ ਹਰਮਨ ਸਿੰਘ ਨੇ ਇਸ ਐਲਾਨ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕੱਟੜਵਾਦ ਦਾ ਮੁਕਾਬਲਾ ਕਰਨ ਅਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਸਮਾਵੇਸ਼ੀ ਅਤੇ ਸਹੀ ਮਾਪਦੰਡ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ। ਇਹ ਕਦਮ ਬੁਨਿਆਦੀ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵਧਾਉਣ ਅਤੇ ਅਗਿਆਨਤਾ ਨੂੰ ਘਟਾਉਣ ਵਿੱਚ ਮਦਦ ਕਰਨਗੇ।
ਜਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ ਵਿੱਚ, ਵਰਜੀਨੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਇਤਿਹਾਸ ਅਤੇ ਸਮਾਜਿਕ ਵਿਗਿਆਨ ਦੇ ਅਧਿਐਨ ਲਈ ਨਵੇਂ ਮਾਪਦੰਡਾਂ ਦੇ ਹੱਕ ਵਿੱਚ ਵੋਟ ਦਿੱਤੀ ਸੀ, ਜਿਸ ਵਿੱਚ ਸਿੱਖ ਧਰਮ ਵੀ ਸ਼ਾਮਲ ਹੈ।
ਸਿੱਖ ਭਾਈਚਾਰੇ ਦੀ ਇੱਕ ਹੋਰ ਸ਼ਖਸੀਅਤ ਦਲਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਨਵੇਂ ਮਾਪਦੰਡ ਸਾਡੇ ਦੇਸ਼ ਦੀ ਰਾਜਧਾਨੀ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਕਲਾਸਰੂਮਾਂ ਵਿੱਚ ਸਿੱਖਾਂ ਅਤੇ ਸਿੱਖ ਅਮਰੀਕੀਆਂ ਦੇ ਤਜ਼ਰਬਿਆਂ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰਨਗੇ।" ਸਾਹਨੀ ਨੇ ਅੱਗੇ ਕਿਹਾ ਕਿ "ਸਮੂਹਿਕ ਮਾਪਦੰਡ ਇਹ ਯਕੀਨੀ ਬਣਾਉਣ ਲਈ ਅਟੁੱਟ ਹਨ ਕਿ ਸਿੱਖਾਂ ਨੂੰ ਦੇਖਿਆ ਅਤੇ ਸੁਣਿਆ ਜਾਵੇ।”