ਲੁਧਿਆਣਾ, 7 ਜੁਲਾਈ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਸਲੇਮ ਟਾਬਰੀ ਦੇ ਜਨਕਪੁਰੀ ਇਲਾਕੇ 'ਚ ਤਿੰਨ ਵਿਅਕਤੀਆਂ ਦੇ ਕਤਲ ਕਾਰਨ ਹੜਕੰਪ ਮਚ ਗਿਆ ਹੈ। ਜਾਣਕਾਰੀ ਅਨੁਸਾਰ ਮੁਹੱਲਾ ਵਾਸੀ ਚਮਨ ਲਾਲ (70), ਉਸ ਦੀ ਪਤਨੀ ਸੁਰਿੰਦਰ ਕੌਰ (65) ਅਤੇ ਮਾਂ ਸੁਰਜੀਤ ਕੌਰ (90) ਦੀਆਂ ਲਾਸ਼ਾਂ ਘਰ ਦੇ ਅੰਦਰੋਂ ਮਿਲੀਆਂ ਹਨ। ਤਿੰਨ ਕਤਲਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਚਮਨ ਲਾਲ ਦੇ ਚਾਰ ਪੁੱਤਰ ਹਨ ਅਤੇ ਸਾਰੇ ਵਿਦੇਸ਼ ਰਹਿੰਦੇ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਤਲ ਬੁੱਧਵਾਰ ਰਾਤ ਨੂੰ ਕਿਸੇ ਸਮੇਂ ਕੀਤਾ ਗਿਆ ਸੀ। ਵੀਰਵਾਰ ਨੂੰ ਜਦੋਂ ਦੁੱਧ ਵਾਲਾ ਦੁੱਧ ਦੇਣ ਕਰਨ ਆਇਆ ਤਾਂ ਗੁਆਂਢੀਆਂ ਨੇ ਦੁੱਧ ਲੈ ਲਿਆ। ਪਹਿਲਾਂ ਵੀ ਕਈ ਵਾਰ ਪਰਿਵਾਰ ਬਾਹਰ ਰਹਿਣ ਕਾਰਨ ਗੁਆਂਢੀ ਦੁੱਧ ਲੈ ਲੈਂਦੇ ਸਨ।ਇਸ ਤੋਂ ਬਾਅਦ ਅੱਜ ਸ਼ੁੱਕਰਵਾਰ ਸਵੇਰੇ ਜਦੋਂ ਦੁੱਧ ਵਾਲਾ ਆਇਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਕੋਈ ਜਵਾਬ ਨਾ ਮਿਲਣ 'ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਤਿੰਨਾਂ ਦੀਆਂ ਲਾਸ਼ਾਂ ਪਈਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।