ਚੰਡੀਗੜ੍ਹ, 29 ਮਈ, ਦੇਸ਼ ਕਲਿੱਕ ਬਿਊਰੋ :
‘ਇਲਕਲਾਬ ਦਾ ਐਲਾਨ’ ਇਕ ਘੰਟੇ ਦੀ ਡਾਕੂਮੈਂਟਰੀ। ਛੇ (6) ਮਹੀਨੇ ਤੋਂ ਦਿੱਲੀ ਦੀ ਸਰਹੱਦ ਉਪਰ ਬੈਠੇ ਕਿਸਾਨਾਂ ਦੇ ਘੋਲ ਦੀ ਦਾਸਤਾਨ। ਕੇਂਦਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਬਾਰੇ ਅਮਰੀਕਾ ਵਿੱਚ ਬਣੀ ਇਸ ਡਾਕੂਮੈਂਟਰੀ ਨੂੰ ਹੁਣ ਤੱਕ 8 ਫਿਲਮ ਫੈਸਟੀਵਲਾਂ ਲਈ ਚੁਣਿਆ ਜਾ ਚੁੱਕਾ ਹੈ।
ਇਸ ਡਾਕੂਮੈਂਟਰੀ ਦਾ ਵਿਸ਼ਾ ਵਸਤੂ ਹੈ ਕਿ ਕਿਸਾਨ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਲੜਨ ਦਾ ਬੀੜਾ ਕਿਉਂ ਚੁੱਕਿਆ। ਇਨ੍ਹਾਂ ਵਿੱਚ ਅਜਿਹਾ ਕੀ ਹੈ ਜਿਸ ਨੇ ਕਿਸਾਨ ਦੀ ਅੰਤਰ ਆਤਮਾ ਨੂੰ ਏਨਾ ਹਲੂਣਾ ਦੇ ਦਿੱਤਾ? ਕਿਸਾਨ ਇਨ੍ਹਾਂ ਨੂੰ ਵਾਪਸ ਕਰਾਉਣ ਲਈ ਏਨੇ ਦ੍ਰਿੜ ਕਿਉਂ ਤੇ ਕਿਵੇਂ ਹਨ? ਡਾਕੂਮੈਂਟਰੀ ਵਿੱਚ ਪੰਜਾਬੀ ਪਿਛੋਕੜ ਦੀ ਨਾਇਕਾ ਮੋਨਿਕਾ ਗਿੱਲ ਨੇ ਬਹੁਤ ਪ੍ਰਭਾਵਪੂਰਤ ਰੋਲ ਨਿਭਾਇਆ ਹੈ। ਭਾਵੇਂ ਇਹ ਡਾਕੂਮੈਂਟਰੀ ਅੰਗਰੇਜ਼ੀ ਵਿੱਚ ਹੈ, ਪਰ ਇਸਦੇ ਕੁਝ ਹਿੱਸੇ ਪੰਜਾਬੀ ਵਿੱਚ ਹਨ ਜਿਨ੍ਹਾਂ ਦੇ ਸਬ ਟਾਈਟਲ ਅੰਗਰੇਜ਼ੀ ਵਿੱਚ ਲਿਖੇ ਹਨ।
ਡਾਕੂਮੈਂਟਰੀ ਦਾ ਕੇਂਦਰੀ ਨੁਕਤਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ 31 ਸਾਲਾ ਜਗਸੀਰ ਦੁਆਲੇ ਘੁੰਮਦਾ ਹੈ ਜੋ 26 ਜਨਵਰੀ ਨੂੰ ਟਰੈਕਟਰ ਮਾਰਚ ਵਾਲੇ ਦਿਨ ਦਿੱਲੀ ਵਿਖੇ ਪੁਲੀਸ ਦੇ ਲਾਠੀਚਾਰਜ ਦੌਰਾਨ ਮੂੰਹ ’ਚੋਂ ਨਿਕਲਦੇ ਖੂਨ ਨਾਲ ਲੱਥਪਥ ਹੋ ਕੇ ਵੀ ਪੂਰੇ ਜੋਸ਼ ਨਾਲ ਨਾਹਰੇ ਮਾਰ ਰਿਹਾ ਹੈ। ਡਾਕੂਮੈਂਟਰੀ ’ਚ ਬਜ਼ੁਰਗ ਬਾਬਿਆਂ ਵੱਲੋਂ ਦਿੱਲੀ ਸਰਹੱਦ ਤੇ ਲੜੀ ਜਾ ਰਹੀ ਲੜਾਈ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਿਖਾਈ ਗਈ ਹੈ।
ਭਾਵੇਂ ਇਹ ਡਾਕੂਮੈਂਟਰੀ 8 ਫਿਲਮ ਫੈਸਟੀਵਲਾਂ ਲਈ ਚੁਣੀ ਗਈ ਹੈ, ਪਰ ਹੋਰ ਵੀ ਬਹੁਤ ਥਾਵਾਂ ਤੋਂ ਇਸ ਨੂੰ ਬੁਲਾਵੇ ਮਿਲ ਰਹੇ ਹਨ। ਮੋਂਟਰੀਅਲ ਕੌਮਾਂਤਰੀ ਫਿਲਮ ਮੇਲਾ, ਸ਼ਿਕਾਗੋ ਇੰਡੀ ਫਿਲਮ ਐਵਾਰਡ, ਟੋਲੀਓ ਲਿਫਟ ਆਫ ਫਿਲਮ ਫੈਸਟੀਵਲ, ਤੁਰਕੀ ’ਚ ਐਂਟੋਲੀਆ ਇੰਟਰ ਨੈਸ਼ਨਲ ਫਿਲਮ ਫੈਸਟੀਵਲ ਆਦਿ ਤੋਂ ਸੱਦੇ ਮਿਲ ਚੁੱਕੇ ਹਨ।