ਸੇਨਹੋਜੇ (ਕੈਲੇਫੋਰਨੀਆਂ), 28 ਮਈ, ਦੇਸ਼ ਕਲਿੱਕ ਬਿਓਰੋ :
ਆਪਣੇ ਚੰਗੇ ਭਵਿੱਖ ਦੇ ਲਈ ਭਾਰਤ ਤੋਂ ਵਿਦੇਸ਼ ਗਏ ਤਪਤੇਜਦੀਪ ਸਿੰਘ ਦੀ ਬੀਤੇ ਕੱਲ੍ਹ ਕੈਲੀਫੋਰਨੀਆ ਦੇ ਸ਼ਹਿਰ ਸੇਨਹੌਜਾ ਮਿਊਂਸਪਲ ਟ੍ਰਾਂਜਿਟ ਦੇ ਇੱਕ ਕਰਮਚਾਰੀ ਵੱਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ਵਿੱਚ ਮੌਤ ਹੋ ਗਈ। ਇਸ ਗੋਲ਼ੀਬਾਰੀ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ। ਤਪਤੇਜਦੀਪ ਸਿੰਘ ਜਦੋਂ ਡਿਊਟੀ ਦੌਰਾਨ ਆਪਣੇ ਸਾਥੀਆਂ ਨੂੰ ਚੇਤਾਵਨੀ ਦੇ ਰਿਹਾ ਸੀ ਤਾਂ ਹਮਲਾਵਰ ਨੇ ਉਸਨੂੰ ਵੀ ਗੋਲੀ ਮਾਰ ਦਿੱਤੀ। ਤਪਤੇਜਦੀਪ ਦਰਵਾਜਿਆਂ ਨੂੰ ਬੰਦ ਕਰਨ ਤੋਂ ਬਾਅਦ ਆਪਣੇ ਸਾਥੀਆਂ ਨੂੰ ਚੌਕਸ ਕਰਨ ਲਈ ਸਾਰੀ ਇਮਾਰਤ ਵਿੱਚ ਭੱਜ ਕੇ ਆਵਾਜ਼ਾਂ ਦਿੰਦਾ ਰਿਹਾ, ਪ੍ਰੰਤੂ ਆਪ ਖੁਦ ਗੋਲ਼ੀ ਦਾ ਸ਼ਿਕਾਰ ਹੋ ਗਿਆ।
‘ਐਨਬੀਸੀ’ ਦੀ ਖਬਰ ਮੁਤਾਬਕ ਉਸਦੇ ਚਚੇਰਾ ਭਰਾ ਹਰਪ੍ਰਤਾਪ ਸਿੰਘ ਨੇ ਕਿਹਾ ਕਿ ਹਰ ਸਮੇਂ ਦੂਜਿਆਂ ਦੇ ਲਈ ਕੰਮ ਕਰਨ ਵਾਲਾ ਆਖਰੀ ਸਮੇਂ ਵੀ ਉਹ ਲੋਕਾਂ ਲਈ ਕੰਮ ਕਰਦਾ ਰਿਹਾ। ਆਖਰੀ ਸਮੇਂ ਵੀ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਚੌਕਸ ਕਰਦਾ ਰਿਹਾ।
36 ਸਾਲਾ ਤਪਤੇਜਦੀਪ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗਗੜੇਵਾਲ ਦਾ ਰਹਿਣ ਵਾਲਾ ਸੀ। ਤਪਤੇਜਦੀਪ ਸਿੰਘ ਪੰਜਾਬ ਤੋਂ ਆਪਣੇ ਪਰਿਵਾਰ ਸਮੇਤ ਇੱਥੇ ਪੜ੍ਹਾਈ ਕਰਨ ਗਿਆ ਸੀ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਵੀਟੀਏ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸਨੂੰ ਰੇਲ ਚਾਲਕ ਦੀ ਨੌਕਰੀ ਕਰਨਾ ਬਹੁਤ ਪਸੰਦ ਸੀ।
ਤਪਤੇਜਦੀਪ ਸਿੰਘ ਆਪਣੇ ਪਿੱਛੇ ਪਤਨੀ, ਦੋ ਬੱਚੇ ਇਕ ਸਾਲ ਦੀ ਲੜਕੀ ਅਤੇ ਤਿੰਨ ਸਾਲਾ ਲੜਕਾ ਰਹਿ ਗਏ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਪੰਜਾਬੀ ਇਕੱਠੇ ਹੋ ਗਏ, ਉਸਦੀ ਮੌਤ ਨੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ। ਉਸਦੀ ਖ਼ਬਰ ਪੰਜਾਬ ਉਸਦੇ ਪਿੰਡ ਗਗੜੇ ਪਹੁੰਚਦਿਆਂ ਹੀ ਸਾਰਾ ਪਿੰਡ ਸੋਗ ਵਿੱਚ ਡੁੱਬ ਗਿਆ।