ਚੰਡੀਗੜ੍ਹ, 8 ਜੂਨ, ਦੇਸ਼ ਕਲਿਕ ਬਿਊਰੋ :
ਕੈਨੇਡਾ ਤੋਂ ਕਰੀਬ 700 ਭਾਰਤੀ ਵਿਦਿਆਰਥੀਆਂ ‘ਤੇ ਭਾਰਤ ਡਿਪੋਰਟ ਕੀਤੇ ਜਾਣ ਦਾ ਖਤਰਾ ਮੰਡਰਾਅ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਵਿਦਿਆਰਥੀ ਹਨ। ਇਸ ਕਾਰਨ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਵਿਦਿਆਰਥੀਆਂ ਦੀ ਪੈਰਵਾਈ ਕਰਨ ਲਈ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਧਾਲੀਵਾਲ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਦੇਸ਼ ਨੀਤੀ ਦੇ ਜਾਣਕਾਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਤਾਂ ਜੋ 700 ਭਾਰਤੀ ਵਿਦਿਆਰਥੀਆਂ ਲਈ ਲਾਬਿੰਗ ਕਰਕੇ ਉਨ੍ਹਾਂ ਦੇ ਡਿਪੋਰਟ ਕੀਤੇ ਜਾਣ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ।ਦਰਅਸਲ, ਇਹ ਸਾਰੇ ਭਾਰਤੀ ਵਿਦਿਆਰਥੀ ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ। ਕਿਉਂਕਿ ਜੋ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਸਨ, ਉਨ੍ਹਾਂ ਦੇ ਦਸਤਾਵੇਜ਼ ਜਾਂਚ 'ਚ ਜਾਅਲੀ ਪਾਏ ਗਏ ਸਨ। ਵਿਦਿਆਰਥੀਆਂ ਨੂੰ ਭਾਰਤ ਡਿਪੋਰਟ ਕਰਨ ਦੇ ਮਾਮਲੇ ਵਿੱਚ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀਆਂ ਅਨੁਸਾਰ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਉਨ੍ਹਾਂ ਨਾਲ ਟਰੈਵਲ ਏਜੰਟ ਵੱਲੋਂ ਠੱਗੀ ਮਾਰੀ ਗਈ ਹੈ।