ਮੋਹਾਲੀ, 27 ਮਈ, ਦੇਸ਼ ਕਲਿੱਕ ਬਿਓਰੋ :
ਆਪਣੇ ਚੰਗੇ ਭਵਿੱਖ ਦੇ ਲਈ ਪੰਜਾਬ ਤੋਂ ਕੈਨੇਡਾ ਗਈ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬਨੂੜ ਦੇ ਵਾਰਡ ਨੰਬਰ 8 ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ 14 ਅਪ੍ਰੈਲ 2023 ਨੂੰ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਈ ਸੀ। 26 ਮਈ 2023 ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਕੋਮਲਪ੍ਰੀਤ ਕੌਰ ਦੀ ਮੌਤ ਹੋ ਗਈ।
ਕੋਮਲਪ੍ਰੀਤ ਕੌਰ ਜਦੋਂ ਭਾਰਤੀ ਸਮੇਂ ਅਨੁਸਾਰ ਸਵੇਰੇ 6.46 ਵਜੇ ਬਰੈਂਪਟਨ ਵਿੱਚ ਆਪਣੀਆਂ ਸਹੇਲੀਆਂ ਨਾਲ ਕੰਮ ਉਤੇ ਜਾ ਰਹੀ ਸੀ ਤਾਂ ਰਸਤੇ ਵਿੱਚ ਚਾਰ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਹ ਹਾਦਸਾ ਐਨਾ ਭਿਆਨਕ ਸੀ ਕਿ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਿਸ ਕਾਰ ਵਿੱਚ ਕੋਮਲਪ੍ਰੀਤ ਕੌਰ ਬੈਠੀ ਸੀ ਉਸਦਾ ਦਰਵਾਜਾ ਖੁੱਲ੍ਹ ਗਿਆ ਤੇ ਉਹ ਸੜਕ ਉਤੇ ਡਿੱਗ ਗਈ। ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਕੋਮਲਪ੍ਰੀਤ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸਦਾ ਭਰਾ ਵੀ ਕੈਨੇਡਾ ਵਿੱਚ ਹੀ ਰਹਿੰਦਾ ਹੈ।